ਵਾਤਾਵਰਨ ਦਿਵਸ ਬੂਟੇ ਲਾ ਕੇ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਜੂਨ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿੱਚ ਪ੍ਰਿੰਸੀਪਲ ਗੀਤਾ ਅਰੋੜਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸ਼ੁੱਧ ਵਾਤਾਵਰਨ ਲਈ ਹਰ ਤਰ੍ਹਾਂ ਦੇ ਰੁੱਖ ਅਤੇ ਬੂਟੇ ਲਾਉਣ ਲਈ ਪ੍ਰੇਰਿਆ। ਸਹਾਇਕ ਪ੍ਰੋਗਰਾਮ ਅਫ਼ਸਰ ਸੁਖਵੀਰ ਕੌਰ ਨੇ ਬੱਚਿਆਂ ਅਤੇ ਆਏ ਹੋਏ ਮਾਪਿਆਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਅਹਿਦ ਕਰਵਾਇਆ। ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਮੋਹਿਤ ਭੰਡਾਰੀ ਨੇ ਬੱਚਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਜਗ੍ਹਾ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੱਚਿਆਂ ਨੂੰ ਖਾਲੀ ਥਾਵਾਂ, ਘਰਾਂ, ਖੇਤਾਂ ਆਦਿ ‘ਚ ਲਾਉਣ ਲਈ ਨਿੰਮ, ਡੇਕ, ਟਾਹਲੀ, ਸੁਹਾਂਜਣਾਂ ਅਤੇ ਜਾਮਣ ਦੇ ਬੂਟੇ ਦਿੱਤੇ ਗਏੇ।
ਮਲੋਟ (ਨਿੱਜੀ ਪੱਤਰ ਪ੍ਰੇਰਕ): ਸ਼ਿਵਪੁਰੀ ਵਿੱਚ ਵਣ ਰੇਂਜ ਅਫ਼ਸਰ ਮਲੋਟ, ਸੁਰਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਵੱਲੋਂ ਪੌਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ ਅਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਨਵਪ੍ਰੀਤ ਸਿੰਘ ਨਵ ਬੁਰਜ਼ ਸਿੱਧਵਾਂ, ਸੰਦੀਪ ਸੁਨੇਜਾ,ਗਗਨ ਬਾਵਾ, ਜੀਤ, ਸੁਖਪ੍ਰੀਤ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ, ਸਿਮਰਜੀਤ ਕੌਰ ਵਣ ਗਾਰਡ ਵੀ ਮੌਜੂਦ ਸਨ।
ਭਗਤਾ ਭਾਈ (ਪੱਤਰ ਪ੍ਰੇਰਕ): ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵਿਖੇ ਵਿਸ਼ਵ ਵਾਤਾਵਰਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਹੈੱਡ ਬੁਆਏ ਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਵਾਈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨਗੇ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸਟਾਫ ਅਤੇ ਬੱਚਿਆਂ ਨੇ ਸਕੂਲ ‘ਚ ਪੌਦੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ। ਇਸ ਸਮੇਂ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।