For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਦਿਵਸ: ਚੰਡੀਗੜ੍ਹ ਨੂੰ ਬਿਹਤਰੀਨ ਬਣਾਉਣ ਦਾ ਹਲਫ਼

10:36 PM Jun 23, 2023 IST
ਵਾਤਾਵਰਨ ਦਿਵਸ  ਚੰਡੀਗੜ੍ਹ ਨੂੰ ਬਿਹਤਰੀਨ ਬਣਾਉਣ ਦਾ ਹਲਫ਼
Advertisement

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 5 ਜੂਨ

ਵਿਸ਼ਵ ਵਾਤਾਵਰਨ ਦਿਵਸ ‘ਤੇ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੌਕੇ ਲੋਕਾਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕਰਦਿਆਂ ਚੰਡੀਗੜ੍ਹ ਨੂੰ ਦੇਸ਼ ਦਾ ਬਿਹਤਰੀਨ ਸ਼ਹਿਰ ਬਣਾਉਣ ਦੀ ਸਹੁੰ ਚੁਕਵਾਈ। ਸ੍ਰੀ ਪੁਰੋਹਿਤ ਨੇ ਚੰਡੀਗੜ੍ਹੀਆਂ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਇਕੱਲੇ-ਇਕੱਲੇ ਵਾਹਨਾਂ ‘ਚ ਜਾਣ ਦਾ ਥਾਂ ਇਕੱਠੇ ਜਾਣ, ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਤੇ ਰੁੱਖ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ‘ਤੇ ਜ਼ੋਰ ਦਿੰਦਿਆ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ।

ਯੂਟੀ ਦੇ ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਵਿੱਚ ਹੋ ਰਹੀਆਂ ਅਣਅਧਿਕਾਰਤ ਉਸਾਰੀਆਂ ਸ਼ਹਿਰ ਦੇ ਵਾਤਾਵਰਨ ਦਾ ਸੰਤੁਲਨ ਵਿਗਾੜ ਰਹੀਆਂ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ‘ਚ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਹਨ, ਜਦੋਂਕਿ ਪਾਣੀ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸੁਖਨਾ ਝੀਲ ਤੇ ਹੋਰ ਵਾਤਾਵਰਨ ਪੱਖੀ ਥਾਵਾਂ ਨੂੰ ਬਚਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ। ਵਿਸ਼ਵ ਵਾਤਾਵਰਨ ਦਿਵਸ ‘ਤੇ ਕਰਵਾਏ ਗਏ ਸਮਾਗਮ ਵਿੱਚ 800 ਤੋਂ ਵੱਧ ਵਿਦਿਆਰਥੀਆਂ, ਪ੍ਰਿੰਸੀਪਲਾਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵਾਤਾਵਰਨ ਨੂੰ ਬਚਾਉਣ ਲਈ ਨਾਟਕ ਤੇ ਡਾਂਸ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਮੇਅਰ ਅਨੂਪ ਗੁਪਤਾ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।

ਯੂਟੀ ਪ੍ਰਸ਼ਾਸਨ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ 5 ਮਈ ਤੋਂ 5 ਜੂਨ 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਉਲੀਕੇ ਗਏ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ 1.44 ਲੱਖ ਦੇ ਕਰੀਬ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਸਹੁੰ ਚੁਕਾਈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਰੁੱਖ ਲਗਾਉਣ ਲਈ ਵੀ ਜਾਗਰੂਕ ਕੀਤਾ।

ਚੰਡੀਗੜ੍ਹ ਦੇ ਸਾਰੇ ਵਾਰਡਾਂ ਵਿੱਚ ਸਫ਼ਾਈ ਤੇ ਬੂਟੇ ਲਾਉਣ ਮੁਹਿੰਮ

ਮੇਅਰ ਅਨੂਪ ਗੁਪਤਾ ਤੇ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਬੂਟੇ ਨੂੰ ਪਾਣੀ ਦਿੰਦੇ ਹੋਏ।

ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਨੇ ਚੰਡੀਗੜ੍ਹ ਸ਼ਹਿਰ ਦੇ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਅੱਜ ਸਾਰੇ 35 ਵਾਰਡਾਂ ਵਿੱਚ ਬਣਾਏ ਗਏ ਆਰਆਰਆਰ ਕੇਂਦਰਾਂ ‘ਤੇ ਬੂਟੇ ਲਗਾਉਣ, ਰੁੱਖਾਂ ਦੀ ਛੰਗਾਈ ਸਮੇਤ ਸਫ਼ਾਈ ਮੁਹਿੰਮ ਚਲਾਈ। ਅੱਜ ਇਸ ਵਾਤਾਵਰਨ ਦਿਵਸ ਸਮਾਗਮ ਦੀ ਸ਼ੁਰੂਆਤ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਵੱਲੋਂ ਸੈਕਟਰ 49 ਸਥਿਤ ਵੈਲੀ ਆਫ਼ ਐਨੀਮਲਜ਼ ਪਾਰਕ ਵਿਖੇ ਰੁੱਖਾਂ ਦੀ ਛੰਗਾਈ ਅਤੇ ਸਫ਼ਾਈ ਨਾਲ ਕੀਤੀ ਗਈ। ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਸੈਕਟਰ 21 ਦੀ ਗਰੀਨ ਬੈਲਟ ਸਮੇਤ ਹੋਰ ਪਾਰਕਾਂ ਵਿੱਚ ਸਫ਼ਾਈ ਅਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ। ਅੱਜ ਚਲਾਈ ਗਈ ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ 35 ਵਾਰਡਾਂ ਵਿੱਚ ਵੱਖ ਵੱਖ ਥਾਵਾਂ ‘ਤੇ ਮੇਅਰ ਸਮੇਤ ਨਗਰ ਨਿਗਮ ਕਮਿਸ਼ਨਰ ਅਤੇ ਸਬੰਧਤ ਇਲਾਕੇ ਦੇ ਕੌਂਸਲਰਾਂ ਨੇ ਸਫ਼ਾਈ ਅਤੇ ਰੁੱਖਾਂ ਦੀ ਛੰਗਾਈ ਦੇ ਕੰਮਾਂ ਵਿੱਚ ਹਿੱਸਾ ਲਿਆ ਅਤੇ ਆਰਆਰਆਰ ਕੇਂਦਰਾਂ ਵਿੱਚ ਵੱਖ-ਵੱਖ ਸਜਾਵਟੀ ਬੂਟੇ ਲਗਾਏ ਅਤੇ ਸ਼ਹਿਰੀਆਂ ਵੱਲੋਂ ਮੁੜ ਵਰਤੋਂ ਯੋਗ ਘਰੇਲੂ ਵਸਤੂਆਂ ਦਾਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਨ ਲੋਕਾਂ ‘ਤੇ ਸਮਾਜ ਨੂੰ ਆਪਸ ਵਿਚ ਜੋੜਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ, ਇਸ ਵਿਸ਼ਵਾਸ ਨਾਲ ਅੱਗੇ ਵਧਦੇ ਹੋਏ ਸਾਰੇ ਨਾਗਰਿਕਾਂ ਨੂੰ ਆਪੋ-ਆਪਣੇ ਖੇਤਰਾਂ ਵਿਚ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਸ਼ਹਿਰ ਦੀ ਸਵੱਛਤਾ ਦੀ ਦਰਜਾਬੰਦੀ ਨੂੰ ਸੁਧਾਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ। ਉਨ੍ਹਾਂ ਨੇ ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਨ ਨੂੰ ਬਣਾਈ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

Advertisement
Advertisement
Advertisement
×