ਵਾਤਾਵਰਨ ਦਿਵਸ: ਬੱਚਿਆਂ ਨੂੰ ਚੌਗਿਰਦੇ ਦੀ ਸੰਭਾਲ ਲਈ ਪ੍ਰੇਰਿਆ
ਨਿੱਜੀ ਪੱਤਰ ਪ੍ਰੇਰਕ
ਮਲੋਟ, 5 ਜੂਨ
ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿੱਚ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਸਮੂਹ ਮੈਨੇਜਮੈਂਟ ਦਾ ਧੰਨਵਾਦ ਕੀਤਾ।
ਫਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਇੱਥੋਂ ਦੀ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਟਾਫ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਸਮੇਂ ਬੱਚਿਆਂ ਦੇ ਵਿਸ਼ਵ ਵਾਤਾਵਰਨ ਦਿਵਸ ਨਾਲ ਸਬੰਧਿਤ ਚਾਰਟ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਬੱਚਿਆਂ ਵੱਲੋਂ ਆਪਣੇ ਆਲੇ ਦੁਆਲੇ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਸਕੂਲ ਕੈਂਪਸ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ।
ਸ਼ਹਿਣਾ (ਪੱਤਰ ਪ੍ਰੇਰਕ): ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਚੇਅਰਮੈਨ ਪਵਨ ਕੁਮਾਰ ਧੀਰ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਲਈ ਚੌਗਿਰਦਾ ਸੰਭਾਲਣ ਦੀ ਸਖ਼ਤ ਲੋੜ ਹੈ। ਸ਼ਹੀਦ ਭਗਤ ਸਿੰਘ ਕਲੱਬ ਸ਼ਹਿਣਾ ਵੱਲੋਂ ਵੀ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।
ਮਾਨਸਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਪਿੰਡ ਭੰਮੇ ਕਲਾਂ ਅਤੇ ਕੋਟੜਾ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੌਦੇ ਲਗਾਉਣ ਲਈ ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜਲ ਨਿਕਾਸ ਮੰਡਲ ਨੂੰ ਟੀਚੇ ਦਿੱਤੇ ਗਏ ਹਨ ਜਿਸ ਤਹਿਤ ਵਾਤਾਵਰਣ ਦਿਵਸ ਮੌਕੇ 20 ਹਜ਼ਾਰ 500 ਪੌਦੇ ਵੱਖ ਵੱਖ ਥਾਵਾਂ ‘ਤੇ ਲਗਾਏ ਗਏ ਹਨ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਨੇਚਰ ਪਾਰਕ ਵਿੱਚ ਪੌਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ।
ਜੈਤੋ (ਪੱਤਰ ਪ੍ਰੇਰਕ): ਵਾਤਾਵਰਨ ਦਿਵਸ ਮੌਕੇ ਲਾਇਨਜ਼ ਕਲੱਬ ਜੈਤੋ (ਗੰਗਸਰ) ਵੱਲੋਂ ਇਥੋਂ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਪੌਦੇ ਲਾਏ ਗਏ। ਇਹ ਬੂਟੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਰਾਕੇਸ਼ ਰੋਮਾਣਾ, ਲਾਇਨਜ਼ ਕਲੱਬ ਜੈਤੋ (ਗੰਗਸਰ) ਦੇ ਪ੍ਰਧਾਨ ਸਪਨ ਕੋਠਾਰੀ, ਸਕੱਤਰ ਮਨੂੰ ਵਰਮਾ, ਕੈਸ਼ੀਅਰ ਧਰਮਪਾਲ ਸਿੰਗਲਾ ਅਤੇ ਡਾਇਰੈਕਟਰ ਪ੍ਰਦੀਪ ਸਿੰਗਲਾ ਵੱਲੋਂ ਡਾ. ਵਰਿੰਦਰ ਕੁਮਾਰ ਦੀ ਮੌਜੂਦਗੀ ਵਿੱਚ ਸਿਹਤ ਕੇਂਦਰ ਵਿਚਲੇ ਪਾਰਕ ਵਿੱਚ ਲਾਏ ਗਏ।