ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਵਾਤਾਵਰਨ ਦਿਵਸ ਮਨਾਇਆ
ਪੱਤਰ ਪ੍ਰੇਰਕ
ਪਾਇਲ, 31 ਜੁਲਾਈ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਆਰੰਭੀ ਤਪੋਬਣ ਹਰਿਆਵਲ ਲਹਿਰ ਦੀ ਲੜੀ ਤਹਿਤ ਪਿੰਡ ਚਣਕੋਈਆਂ ਖ਼ੁਰਦ ਵਿੱਚ 5 ਬੂਟੇ ਸੰਤ ਖਾਲਸਾ ਵੱਲੋਂ ਲਗਾਏ ਗਏ। ਇਸ ਮੌਕੇ ਮਹਾਂਪੁਰਸ਼ਾਂ ਦੇ ਅਨਿਨ ਸੇਵਕ ਜਗਜੀਵਨ ਸਿੰਘ ਡੀਐੱਸਪੀ ਸਾਹਿਬ ਦੇ ਉੱਦਮ ਸਦਕਾ ਲਿਆਂਦੇ ਗਏ 150 ਬੂਟੇ ਸੰਤ ਦਰਸ਼ਨ ਸਿੰਘ ਵੱਲੋਂ ਇਕੱਤਰ ਹੋਈਆਂ ਸੰਗਤਾਂ ਨੂੰ ਵੰਡ ਕੇ ਵਾਤਾਵਰਨ ਦਿਵਸ ਮਨਾਇਆ। ਇਸ ਸਮੇਂ ਸੰਤ ਖਾਲਸਾ ਨੇ ਕਿਹਾ ਕਿ ਮਨੁੱਖਤਾ ਦੀ ਤੰਦਰੁਸਤੀ ਲਈ ਇੱਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ
ਜ਼ਰੂਰੀ ਹੈ, ਕਿਉਂਕਿ ਰੁੱਖ ਆਕਸੀਜਨ ਦਾ ਮੁੱਖ ਸਰੋਤ ਹਨ, ਜੋ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ, ‘‘ਵਿਦੇਸ਼ਾਂ ਚ ਲੱਗੇ ਰੁੱਖਾਂ ਨਾਲ਼ ਭਰਪੂਰ ਸੰਘਣੇ ਜੰਗਲਾਂ ਨੂੰ ਸਰਕਾਰ ਦੀ ਆਗਿਆ ਤੋਂ ਬਿਨਾਂ ਕੋਈ ਕੱਟ ਵੱਢ ਨਹੀਂ ਸਕਦਾ ਠੀਕ ਉਸੇ ਤਰ੍ਹਾਂ ਸਾਡੇ ਦੇਸ਼ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਡੀਆਂ ਸਰਕਾਰਾਂ ਨੂੰ ਸਖ਼ਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ।’’ ਸੰਤ ਖਾਲਸਾ ਨੇ ਕਿਹਾ ਕਿ ਘੱਟ ਰਹੇ ਪੁਰਾਤਨ ਰੁੱਖ ਪਿੱਪਲ, ਬੋਹੜ, ਨਿੰਮ, ਤੂਤ, ਟਾਹਲੀ, ਕਿੱਕਰ, ਪਲਾਹ ਦੇ ਰੁੱਖ ਲਗਾਉਣੇ ਸਮੇਂ ਦੀ ਮੁੱਖ ਲੋੜ ਹੈ।