ਚਮਕੌਰ ਸਾਹਿਬ (ਸੰਜੀਵ ਬੱਬੀ): ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ‘ਉਨਤ ਭਾਰਤ ਅਭਿਆਨ’ ਅਧੀਨ ਵਿਸ਼ਵ ਵਾਤਾਵਰਨ ਸੰਭਾਲ ਦਿਵਸ ਮਨਾਇਆ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਵਿੱਚ ‘ਸੇ ਨੋ ਟੂ ਪਲਾਸਟਿਕ’ ਅਤੇ ਇੰਸੀਚਿਊਟ ਆਫ ਇਨੋਵੇਸ਼ਨ ਕਾਊਂਸਲ ਵੱਲੋਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਰ੍ਹੇ ਦੇ ਥੀਮ ‘ਬੀਟ ਪਲਾਸਟਿਕ ਪਲਿਊਸ਼ਨ’ ਤਹਿਤ ਸਮੂਹ ਸਟਾਫ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ ਅਤੇ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਦਾ ਅਹਿਦ ਕੀਤਾ। ਇਸ ਦੇ ਨਾਲ ਹੀ ਪੀਜੀ ਵਿਭਾਗ ਰਾਜਨੀਤੀ ਸ਼ਾਸਤਰ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਜਾਣਕਾਰੀ ਇੰਨਫਰਮੇਸ਼ਨ ਬਰੋਸ਼ਰ ਜ਼ਰੀਏ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸ ਤੋਂ ਉਪਰੰਤ ਨੈਸ਼ਨਲ ਇੰਸੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਵੱਲੋਂ ਖੇਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਡਾ. ਯੂਐੱਨ ਰਾਓ ਦੀ ਅਗਵਾਈ ਅਧੀਨ ਵੈਬਿਨਾਰ ਕਰਵਾਇਆ, ਜਿਸ ਵਿੱਚ ਬੇਲਾ ਕਾਲਜ ਦੇ ਸਟਾਫ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਅਜੋਕੇ ਸਮੇਂ ਦੀ ਮੁੱਖ ਸਮੱਸਿਆ ਹੈ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਡਾ. ਯੂਐੱਨ ਰਾਓ ਨੇ ਵਾਤਾਵਰਨ ਦੇ ਹਰੇਕ ਪੱਖ ਵਿੱਚ ਵਧ ਰਹੇ ਗੰਧਲੇਪਣ ਅਤੇ ਕਾਰਬਨ ਫੁੱਟ ਪ੍ਰਿੰਟ ਦੇ ਵਾਧੇ ਨੂੰ ਰੋਕਣ ਲਈ ਸਭਨਾਂ ਨੂੰ ਇਸ ਸੰਵਾਦ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਅੰਤਰ ਰਾਸ਼ਟਰੀ ਪੱਧਰ ਤੇ ਮੰਨੀ-ਪ੍ਰਮੰਨੀ ਬਾਲ ਹਸਤੀ ਲਿਸੀਪ੍ਰਿਆ ਕੰਗੂਜਾਅ ਨੇ ਵਾਤਾਵਰਨ ਦੀ ਸੁਰੱਖਿਆ ਕਰਨ ’ਤੇ ਜ਼ੋਰ ਦਿੱਤਾ। ਪ੍ਰਸਿੱਧ ਵਾਤਾਵਰਨ ਸੰਭਾਲ ਲਹਿਰ ਦੇ ਨੁਮਾਇੰਦੇ ਜਗਤ ਸਿੰਘ ਜੰਗਾਲੀ ਨੇ ਵਿਚਾਰ ਸਾਂਝੇ ਕੀਤੇ।