ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਲ-ਚਿੱਤਰਾਂ ਨਾਲ ਮਨੋਰੰਜਨ

09:11 AM Nov 02, 2024 IST

ਬਹਾਦਰ ਸਿੰਘ ਗੋਸਲ
Advertisement

ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ ਮਨੋਰੰਜਨ ਉਸ ਦੀ ਜ਼ਿੰਦਗੀ ਦੀ ਅਹਿਮ ਕੜੀ ਰਿਹਾ ਹੈ। ਸਮੇਂ ਦੇ ਨਾਲ-ਨਾਲ ਮਨੋਰੰਜਨ ਦੇ ਸਾਧਨ ਵੀ ਬਦਲਦੇ ਗਏ। ਕਦੇ ਸਮਾਂ ਸੀ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਤਾਂ ਉਸ ਸਮੇਂ ਉਹ ਸ਼ਿਕਾਰ ਖੇਡਣ ਨਾਲ ਹੀ ਮਨੋਰੰਜਨ ਕਰ ਲੈਂਦਾ ਸੀ। ਇਸ ਨਾਲ ਉਸ ਦੇ ਖਾਣ ਅਤੇ ਮਨੋਰੰਜਨ ਦੇ ਦੋਵੇਂ ਕਾਰਜ ਸਿੱਧ ਹੋ ਜਾਂਦੇ ਸਨ, ਪਰ ਜਿਉਂ-ਜਿਉਂ ਮਨੁੱਖ ਵਿਕਾਸ ਦੀ ਪੌੜੀ ਚੜ੍ਹਦਾ ਗਿਆ ਤਾਂ ਉਹ ਮਨੋਰੰਜਨ ਦੇ ਸਾਧਨ ਵੀ ਵੱਖ-ਵੱਖ ਲੱਭਦਾ ਗਿਆ। ਅੱਜ ਭਾਵੇਂ ਵਿਗਿਆਨ ਦੀ ਮਹਾਨ ਉੱਨਤੀ ਸਦਕਾ ਮਨੁੱਖ ਕੋਲ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਮੌਜੂਦ ਹਨ, ਪਰ ਜੇ ਅਸੀਂ 60-70 ਸਾਲ ਪਹਿਲਾਂ ਦੇ ਪੰਜਾਬ ਦੀ ਗੱਲ ਕਰੀਏ ਤਾਂ ਮਨੋਰੰਜਨ ਦੇ ਸਾਧਨ ਬਹੁਤ ਸੀਮਤ ਸਨ ਅਤੇ ਜੋ ਹੈ ਵੀ ਸਨ, ਉਹ ਵੀ ਮੁੱਢਲੀ ਜ਼ਰੂਰਤ ਵਾਲੇ ਹੀ ਸਨ।
ਮਨੁੱਖ ਦਾ ਮਨ ਬਹੁਤ ਚੰਚਲ ਹੈ ਅਤੇ ਚੰਚਲ ਮਨ ਨੂੰ ਮਨੋਰੰਜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਆਜ਼ਾਦੀ ਤੋਂ ਪਹਿਲਾਂ ਪੰਜਾਬ ਬਹੁਤ ਵਿਕਸਤ ਨਹੀਂ ਸੀ। ਉਸ ਸਮੇਂ ਮਨੁੱਖ ਮਨੋਰੰਜਨ ਲਈ ਕੁਝ ਖੇਡਾਂ ਦਾ ਸਹਾਰਾ ਲੈਂਦਾ ਸੀ ਜਾਂ ਫਿਰ ਪਸ਼ੂ-ਪੰਛੀਆਂ ਨੂੰ ਪਾਲ ਕੇ, ਉਨ੍ਹਾਂ ਨਾਲ ਆਪਣਾ ਮਨ ਪਰਚਾਉਂਦਾ ਸੀ। ਉਦਾਹਰਨ ਦੇ ਤੌਰ ’ਤੇ ਪਿੰਡਾਂ ਦੇ ਲੋਕ ਕਬੂਤਰ ਪਾਲਦੇ ਅਤੇ ਉਨ੍ਹਾਂ ਦੀ ਉਡਾਣ ਨਾਲ ਮਨੋਰੰਜਨ ਕਰਦੇ ਸਨ। ਕਈ ਤੋਤਿਆਂ-ਚਿੜੀਆਂ ਨੂੰ ਪਾਲਤੂ ਬਣਾ ਕੇ ਵੀ ਆਪਣਾ ਸ਼ੌਕ ਪੂਰਾ ਕਰਦੇ ਸਨ ਕਿਉਂਕਿ ਉਸ ਸਮੇਂ ਅੱਜ ਵਰਗੇ ਟੀਵੀ, ਸਿਨੇਮਾ, ਰੇਡੀਓ, ਰੰਗੀਨ ਫਿਲਮਾਂ ਜਾਂ ਅੱਜਕੱਲ੍ਹ ਵਾਲੇ ਮੋਬਾਈਲ ਫੋਨ ਨਹੀਂ ਸਨ, ਪਰ ਫਿਰ ਵੀ ਆਪਣੇ ਮਨ ਦੀ ਖ਼ੁਸ਼ੀ ਲਈ ਉਹ ਮਨੋਰੰਜਨ ਦਾ ਕੋਈ ਨਾ ਕੋਈ ਸਾਧਨ ਲੱਭ ਹੀ ਲੈਂਦੇ ਸਨ।
ਇਸ ਮਨੋਰੰਜਨ ਲਈ ਪਿੰਡਾਂ ਵਿੱਚ ਲੋਕਾਂ ਨੇ ਗਾਉਣ-ਵਜਾਉਣ ਅਤੇ ਕੁਝ ਦੇਸੀ ਪੰਜਾਬੀ ਖੇਡਾਂ ਨੂੰ ਆਪਣੇ ਮਨੋਰੰਜਨ ਲਈ ਅਪਣਾ ਲਿਆ। ਔਰਤਾਂ ਵਿੱਚ ਨੱਚਣਾ ਤੇ ਗਾਉਣਾ ਵਿਕਸਤ ਹੋਇਆ। ਮਰਦਾਂ ਨੇ ਗਾਉਣ ਦੇ ਅਖਾੜੇ, ਝੁਰਮਟ, ਰਾਸ ਲੀਲਾ ਜਾਂ ਡਰਾਮੇ ਖੇਡਣ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾ ਲਿਆ। ਪਰ ਜਦੋਂ ਸਮਾਂ ਚਲ-ਚਿੱਤਰਾਂ ਦਾ ਆਇਆ ਤਾਂ ਪੇਂਡੂ ਲੋਕਾਂ ਲਈ ਇਹ ਇੱਕ ਵਰਦਾਨ ਹੀ ਸਾਬਤ ਹੋਇਆ। ਚਲ-ਚਿੱਤਰਾਂ ਨੂੰ ਪੇਂਡੂ ਲੋਕ ਬਹੁਤ ਦਿਲਚਸਪੀ ਅਤੇ ਨੀਝ ਨਾਲ ਦੇਖਦੇ ਸਨ। ਉਹ ਹੈਰਾਨ ਹੁੰਦੇ ਸਨ ਕਿ ਕਿਸ ਤਰ੍ਹਾਂ ਤਸਵੀਰਾਂ ਚੱਲ ਰਹੀਆਂ ਹਨ ਅਤੇ ਕੋਈ ਨਾ ਕੋਈ ਸੁਨੇਹਾ ਵੀ ਦੇ ਜਾਂਦੀਆਂ ਹਨ।
ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਪਿੰਡਾਂ ਵਿੱਚ ਦਿਖਾਏ ਜਾਣ ਵਾਲੇ ਚਲ-ਚਿੱਤਰ ਲੋਕਾਂ ਲਈ ਬਹੁਤ ਖਿੱਚ ਦਾ ਕੇਂਦਰ ਬਣਦੇ ਸਨ। ਭਾਵੇਂ ਇਹ ਚਲ-ਚਿੱਤਰ ਬਲੈਕ ਅਤੇ ਵ੍ਹਾਈਟ ਹੀ ਹੁੰਦੇ ਸਨ ਅਤੇ ਸ਼ੁਰੂ-ਸ਼ੁਰੂ ਵਿੱਚ ਤਾਂ ਤਸਵੀਰਾਂ ਬੋਲਦੀਆਂ ਵੀ ਨਹੀਂ ਸਨ, ਪਰ ਜਦੋਂ ਕਦੇ ਵੀ ਕਿਸੇ ਸਰਕਾਰੀ ਮਹਿਕਮੇ ਵਾਲੇ ਕਰਿੰਦੇ, ਇਹ ਚਲ-ਚਿੱਤਰ ਪਿੰਡਾਂ ਵਿੱਚ ਦਿਖਾਉਣ ਆਉਂਦੇ ਤਾਂ ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਜਾਂਦੀ। ਲੋਕ ਪਰਦਿਆਂ ਦੇ ਨੇੜੇ ਹੋ ਕੇ ਬੈਠਦੇ, ਉਨ੍ਹਾਂ ਨੂੰ ਪਰਦਿਆਂ ’ਤੇ ਚੱਲਦੀਆਂ ਤਸਵੀਰਾਂ ਬਹੁਤ ਅਜੀਬ ਲੱਗਦੀਆਂ ਅਤੇ ਉਹ ਇਨ੍ਹਾਂ ਨਾਲ ਖ਼ੂਬ ਮਨੋਰੰਜਨ ਕਰਦੇ। ਸਰਕਾਰਾਂ ਨੇ ਵੀ ਇਸ ਗੱਲ ਦਾ ਭਰਪੂਰ ਫਾਇਦਾ ਲਿਆ। ਉਹ ਆਪਣੀ ਕੋਈ ਵਿਕਾਸ ਦੀ ਗਤੀਵਿਧੀ ਲੋਕਾਂ ਤੱਕ ਪਹੁੰਚਾਉਣ ਲਈ ਉਸ ਸਬੰਧੀ ਚਲ-ਚਿੱਤਰਾਂ ਦਾ ਸਹਾਰਾ ਲੈਂਦੀਆਂ।
ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਵਿੱਚ ਸਿਹਤ ਵਿਭਾਗ ਨੇ ਪਰਿਵਾਰ ਨਿਯੋਜਨ ਦਾ ਕੋਈ ਪ੍ਰਚਾਰ ਕਰਨਾ ਹੁੰਦਾ ਸੀ ਤਾਂ ਪਿੰਡਾਂ ਵਿੱਚ ਸਿਹਤ ਵਿਭਾਗ ਦੇ ਕਰਿੰਦੇ ਜਾਂ ਸਰਕਾਰੀ ਮੁਲਾਜ਼ਮ ਪਿੰਡਾਂ ਵਿੱਚ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਸਮਝਾਉਣ ਲਈ ਚਲ-ਚਿੱਤਰਾਂ ਰਾਹੀਂ ਲੋਕਾਂ ਦੇ ਮਨਾਂ ਤੱਕ ਜਾ ਉਤਰਦੇ ਸਨ। ਵਧ ਰਹੀ ਆਬਾਦੀ ਨੂੰ ਕਾਬੂ ਕਰਨ ਜਾਂ ਪਰਿਵਾਰ ਨੂੰ ਛੋਟਾ ਰੱਖਣ ਲਈ ਉਹ ਤਰ੍ਹਾਂ ਤਰ੍ਹਾਂ ਦੇ ਚਲ-ਚਿੱਤਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ। ਇਸ ਤਰ੍ਹਾਂ ਜਿੱਥੇ ਇਹ ਲੋਕਾਂ ਦੇ ਮਨੋਰੰਜਨ ਦਾ ਵਧੀਆ ਸਾਧਨ ਸਨ ਤਾਂ ਉੱਥੇ ਹੀ ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਵੀ ਜਾਗਰੂਕ ਕਰਨ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੇ ਸਨ। ਜਦੋਂ ਵੀ ਕਿਸੇ ਪਿੰਡ ਵਿੱਚ ਚਲ-ਚਿੱਤਰਾਂ ਵਾਲੀਆਂ ਟੀਮਾਂ ਪਹੁੰਚਦੀਆਂ ਸਨ, ਪਿੰਡ ਦੇ ਲੋਕ ਆਪਣੇ ਘਰ ਦੇ ਸਾਰੇ ਕੰਮਕਾਜ ਛੱਡ ਕੇ ਇਨ੍ਹਾਂ ਨੂੰ ਦੇਖਣ ਲਈ ਜ਼ਰੂਰ ਇਕੱਠੇ ਹੋ ਜਾਂਦੇ। ਸ਼ਹਿਰਾਂ ਵਿੱਚ ਵੀ ਅਜੇ ਸਿਨੇਮਾ ਨਹੀਂ ਸੀ ਬਣੇ ਤਾਂ ਬਹੁਤਾ ਮਨੋਰੰਜਨ ਲੋਕ ਇਨ੍ਹਾਂ ਚਲ-ਚਿੱਤਰਾਂ ਰਾਹੀਂ ਹੀ ਕਰਦੇ ਸਨ। ਫਿਰ ਜਦੋਂ ਸ਼ਹਿਰਾਂ ਵਿੱਚ ਵੱਡੇ ਪਰਦੇ ਵਾਲੇ ਸਿਨੇਮਾ ਘਰ ਤਿਆਰ ਹੋ ਗਏ ਤਾਂ ਉਨ੍ਹਾਂ ’ਤੇ ਵੀ ਬਲੈਕ ਅਤੇ ਵ੍ਹਾਈਟ ਛੋਟੀਆਂ ਫਿਲਮਾਂ ਹੀ ਦਿਖਾਈਆਂ ਜਾਂਦੀਆਂ ਸਨ। ਪਿੰਡਾਂ ਦੇ ਲੋਕ ਵੀ ਸ਼ਹਿਰਾਂ ਵਿੱਚ ਇਹ ਫਿਲਮਾਂ ਦੇਖਣ ਜਾਣ ਲੱਗੇ ਅਤੇ ਹੈਰਾਨ ਹੁੰਦੇ ਕਿ ਕਿਵੇਂ ਘੋੜੇ ਭੱਜੇ ਆਉਂਦੇ ਹਨ ਜਾਂ ਹੀਰੋ ਅਤੇ ਹੀਰੋਇਨ ਦੀ ਪਿਆਰ ਕਹਾਣੀ ਸੁਣ ਕੇ ਉਹ ਬਹੁਤ ਅਨੰਦਿਤ ਹੁੰਦੇ। ਜੇ ਕੋਈ ਪਿੰਡ ਦਾ ਬੰਦਾ ਇਹ ਚਲ-ਚਿੱਤਰਾਂ ਵਾਲੀ ਫਿਲਮ ਦੇਖ ਕੇ ਮੁੜਦਾ ਤਾਂ ਉਹ ਸਾਰੇ ਪਿੰਡ ਵਿੱਚ ਦੱਸਦਾ ਫਿਰਦਾ।
ਸਮੇਂ ਦੀ ਚਾਲ ਅਤੇ ਵਿਗਿਆਨ ਦੇ ਵਿਕਾਸ ਨਾਲ ਉਹ ਚਲ-ਚਿੱਤਰ ਬੋਲਦੀਆਂ ਤਸਵੀਰਾਂ ਵਿੱਚ ਬਦਲ ਗਏ ਅਤੇ ਬੜੀ ਤੇਜ਼ੀ ਨਾਲ ਇਸ ਪਾਸੇ ਤਰੱਕੀ ਹੋਣ ਨਾਲ ਰੰਗਦਾਰ ਤਸਵੀਰਾਂ ਜੋ ਬੋਲਦੀਆਂ, ਨੱਚਦੀਆਂ ਟੱਪਦੀਆਂ ਅਤੇ ਸਭ ਕੁਝ ਕਰਦੀਆਂ ਸਨ, ਲੋਕਾਂ ਦੇ ਦਿਲਾਂ ਨੂੰ ਭਾਅ ਗਈਆਂ ਅਤੇ ਲੋਕ ਫਿਲਮਾਂ ਦੇ ਦੀਵਾਨੇ ਬਣ ਗਏ। ਇਸੇ ਲੜੀ ਵਿੱਚ ਰੇਡੀਓ ਅਤੇ ਫਿਰ ਬਲੈਕ ਅਤੇ ਵ੍ਹਾਈਟ ਟੀਵੀ ਨੇ ਲੋਕਾਂ ਦਾ ਮਨੋਰੰਜਨ ਸ਼ੁਰੂ ਕਰ ਦਿੱਤਾ। ਸ਼ੁਰੂ-ਸ਼ੁਰੂ ਵਿੱਚ ਜਦੋਂ ਪਿੰਡਾਂ ਵਿੱਚ ਟੀਵੀ ਆਏ ਤਾਂ ਪਿੰਡਾਂ ਦੇ ਨਿਆਣੇ-ਸਿਆਣੇ ਉਸ ਟੀਵੀ ਦੇ ਅੱਗੇ ਕਤਾਰਾਂ ਬਣਾ ਕੇ ਬੈਠ ਜਾਂਦੇ। ਫਿਰ ਪਿੰਡ-ਪਿੰਡ ਬਿਜਲੀ ਆਉਣ ਨਾਲ ਹੀ ਰੰਗਦਾਰ ਟੀਵੀ ਵੀ ਬਾਜ਼ਾਰ ਵਿੱਚ ਆ ਗਏ ਅਤੇ ਬੜੀ ਤੇਜ਼ੀ ਨਾਲ ਥੋੜ੍ਹੇ ਸਮੇਂ ਵਿੱਚ ਹੀ ਘਰ-ਘਰ ਰੰਗੀਨ ਟੀਵੀ ਆ ਗਏ। ਪਿੰਡਾਂ ਦੇ ਕੋਠਿਆਂ ਉੱਤੇ ਉੱਚੇ-ਉੱਚੇ ਐਂਟੀਨੇ ਨਜ਼ਰ ਆਉਣ ਲੱਗੇ ਜੋ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਉਸ ਘਰ ਵਿੱਚ ਟੀਵੀ ਲੱਗਾ ਹੈ। ਇਸ ਲਈ ਇਨ੍ਹਾਂ ਐਂਟੀਨਿਆਂ ਦੀ ਗਿਣਤੀ ਵਧਦੀ ਹੀ ਗਈ। ਹੁਣ ਤਾਂ ਰੇਡੀਓ ਜਾਂ ਰੰਗਦਾਰ ਟੀਵੀ ਕੀ, ਸਭ ਕੁਝ ਹੀ ਮਨੁੱਖ ਦੀ ਮੁੱਠੀ ਵਿੱਚ ਆ ਗਿਆ ਹੈ ਅਤੇ ਮੋਬਾਈਲ ਦੇ ਰੂਪ ਵਿੱਚ ਮਨੁੱਖ ਦੇ ਮਨੋਰੰਜਨ ਦਾ ਸਾਧਨ ਵੀ ਅਨੋਖਾ ਹੋ ਗਿਆ ਹੈ।
ਇੱਥੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਹੈ ਕਿ ਪੁਰਾਣੇ ਸਮਿਆਂ ਵਿੱਚ ਲੋਕਾਂ ਅਤੇ ਖ਼ਾਸ ਕਰਕੇ ਬੱਚਿਆਂ ਦਾ ਮਨੋਰੰਜਨ ਕਰਨ ਲਈ ਪਿੰਡਾਂ ਵਿੱਚ ਡੱਬਿਆਂ ਵਿੱਚ ਚਲ-ਚਿੱਤਰ ਦਿਖਾਉਣ ਵਾਲੇ ਵੀ ਆਮ ਹੀ ਆ ਜਾਂਦੇ ਸਨ। ਉਨ੍ਹਾਂ ਦਾ ਚਿੱਤਰ ਦਿਖਾਉਣ ਦਾ ਢੰਗ, ਬੱਚਿਆਂ ਦਾ ਇਹੋ ਜਿਹਾ ਮਨੋਰੰਜਨ ਕਰਦਾ ਕਿ ਪਿੰਡ ਦਾ ਸ਼ਾਇਦ ਹੀ ਕੋਈ ਬੱਚਾ ਹੋਵੇਗਾ ਜਿਸ ਨੇ ਉਹ ਡੱਬਿਆਂ ਵਾਲੇ ਚੱਲ-ਚਿੱਤਰ ਨਹੀਂ ਸੀ ਦੇਖੇ। ਜਦੋਂ ਉਹ ਡੱਬੇ ਵਾਲੇ ਚਲ-ਚਿੱਤਰ ਵਾਲਾ ਭਾਈ ਆਪਣੀ ਰੋਜ਼ੀ-ਰੋਟੀ ਲਈ ਪਿੰਡ ਵਿੱਚ ਜਾ ਕੇ ਆਵਾਜ਼ ਲਗਾਉਂਦਾ, ‘‘ਬਾਰਾਂ ਮਣ ਦੀ ਧੋਬਣ ਦੇਖੋ, ਦਿੱਲੀ ਦਾ ਲਾਲ ਕਿਲ੍ਹਾ ਅਤੇ ਆਗਰੇ ਦਾ ਤਾਜ ਮਹੱਲ ਦੇਖੋ’ ਤਾਂ ਬੱਚੇ ਮਨੋਰੰਜਨ ਦਾ ਇਹ ਪਲ ਬਿਲਕੁਲ ਨਾ ਗੁਆਉਂਦੇ। ਇਸੇ ਤਰ੍ਹਾਂ ਜਦੋਂ ਪਿੰਡਾਂ ਵਿੱਚ ਆਵਾਜ਼ ਵਾਲੇ ਰਿਕਾਰਡ ਮਿਲਣ ਲੱਗੇ ਤਾਂ ਪਿੰਡਾਂ ਵਿੱਚ ਕਈ ਲੋਕਾਂ ਨੇ ਗਾਉਣ ਵਾਲੀਆਂ ਡੱਬਾ ਮਸ਼ੀਨਾਂ ਲੈ ਲਈਆਂ। ਇਨ੍ਹਾਂ ਮਸ਼ੀਨਾਂ ਤੋਂ ਰਿਕਾਰਡ ਸੁਣਨ ਲਈ ਵੀ ਬੱਚੇ ਉਸ ਮਸ਼ੀਨ ਵਾਲੇ ਘਰ ਵੱਲ ਵਹੀਰਾ ਘੱਤ ਲੈਂਦੇ।
ਹੁਣ ਇਹ ਸਭ ਬੀਤੇ ਦੀਆਂ ਗੱਲਾਂ ਬਣ ਗਈਆਂ ਹਨ। ਹੁਣ ਮਨੋਰੰਜਨ ਦੇ ਖੇਤਰ ਵਿੱਚ ਕ੍ਰਾਂਤੀ ਆ ਚੁੱਕੀ ਹੈ। ਮੋਬਾਈਲ ’ਤੇ ਇੰਟਰਨੈੱਟ ਦੀ ਸੁਵਿਧਾ ਨੇ ਸਭ ਕੁਝ ਹੀ ਇਨਸਾਨ ਦੀ ਮੁੱਠੀ ਵਿੱਚ ਕਰ ਦਿੱਤਾ ਹੈ। ਹੁਣ ਉਹ ਜਦੋਂ ਜੋ ਚਾਹੇ ਦੇਖ ਸਕਦਾ ਹੈ।
ਸੰਪਰਕ: 98764-52223

Advertisement
Advertisement