For the best experience, open
https://m.punjabitribuneonline.com
on your mobile browser.
Advertisement

ਉੱਦਮੀ ਕਿਸਾਨਾਂ ਨੇ ਮੋਗਾ ਵਿੱਚ ਲਾਈ ਜੈਵਿਕ ਮੰਡੀ

08:04 AM Apr 11, 2024 IST
ਉੱਦਮੀ ਕਿਸਾਨਾਂ ਨੇ ਮੋਗਾ ਵਿੱਚ ਲਾਈ ਜੈਵਿਕ ਮੰਡੀ
ਜੈਵਿਕ ਢੰਗ ਨਾਲ ਤਿਆਰ ਵਸਤਾਂ ਦੀ ਖ਼ਰੀਦਦਾਰੀ ਕਰਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਪਰੈਲ
ਸੂਬੇ ’ਚ ਜਿੱਥੇ ਖੇਤੀ ਘਾਟੇ ਦਾ ਸੌਦਾ ਬਣੀ ਹੋਈ ਹੈ, ਉੱਥੇ ਕੁੱਝ ਉਦਮੀ ਕਿਸਾਨ ਵੱਖਰੇ ਤਰੀਕੇ ਨਾਲ ਜੈਵਿਕ ਖੇਤੀ ਕਰ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਇੱਥੇ ਵਿਸਾਖੀ ਨੂੰ ਸਮਰਪਿਤ ਜ਼ਹਿਰ ਰਹਿਤ ਘਰੇਲੂ ਵਰਤੋਂ ਦੀਆਂ ਵਸਤੂਆਂ ਲਈ ਵਿਸ਼ੇਸ਼ ਮੇਲਾ ਲਗਾਇਆ ਗਿਆ। ਇਸ ਜੈਵਿਕ ਖੇਤੀ ਮੇਲੇ ਵਿਚ ਅਗਾਂਹਵਧੂ 28 ਕਿਸਾਨਾਂ ਵੱਲੋਂ ਲਗਾਏ ਸਟਾਲਾਂ ’ਚੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸਰ੍ਹੋਂ ਦਾ ਤੇਲ, ਗੁੜ, ਆਟਾ, ਦਾਲਾਂ ਤੇ ਹੋਰ ਘਰੇਲੂ ਖਾਣ-ਪੀਣ ਦੀਆਂ ਵਸਤਾਂ ਖ਼ਰੀਦੀਆਂ। ਕਿਸਾਨਾਂ ਨੇ ਹਰ ਜ਼ਿਲ੍ਹੇ ਵਿਚ ਜੈਵਿਕ ਖੇਤੀ ਮੰਡੀ ਦੀ ਮੰਗ ਕੀਤੀ ਹੈ।
ਇਸ ਮੌਕੇ ਕਿਸਾਨ ਚਮਕੌਰ ਸਿੰਘ ਘੋਲੀਆ ਨੇ ਕਿਹਾ ਕਿ ਉਹ ਕਰੀਬ 10 ਸਾਲ ਤੋਂ ਆਪਣੀ ਪੌਣੇ ਪੰਜ ਏਕੜ ਜ਼ਮੀਨ ਵਿਚ ਜੈਵਿਕ ਖੇਤੀ ਕਰ ਕੇ ਖ਼ੁਦ ਮੰਡੀਕਰਨ ਕਰ ਰਿਹਾ ਹੈ ਤੇ ਮੁਨਾਫ਼ਾ ਕਮਾ ਰਿਹਾ ਹੈ। ਉਹ ਸਬਜ਼ੀਆਂ, ਫਲ, ਮੱਕੀ ਦਾ ਆਟਾ, ਗੁੜ, ਖੰਡ, ਸਰ੍ਹੋਂ ਦਾ ਤੇਲ, ਸ਼ਹਿਦ, ਹਲਦੀ, ਦਾਲਾਂ, ਸਬਜ਼ੀਆਂ ਅਤੇ ਫਲ ਤਿਆਰ ਕਰ ਕੇ ਵੇਚ ਰਿਹਾ ਹੈ।
ਇਸ ਮੌਕੇ ਕਿਸਾਨ ਗੁਰਬਿੰਦਰ ਸਿੰਘ ਪਿੰਡ ਸਿੱਖਾਂਵਾਲਾ ਨੇ ਮੰਗ ਕੀਤੀ ਕਿ ਹਰ ਜ਼ਿਲ੍ਹੇ ਵਿੱਚ ਜੇਵਿਕ ਖੇਤੀ ਮੰਡੀ ਹੋਣੀ ਚਾਹੀਦੀ ਹੈ। ਇਸ ਮੌਕੇ ਮਹਿਲਾ ਮਹਿੰਦਰ ਕੌਰ ਅਤੇ ਓਪਿੰਦਰ ਕੌਰ ਨੇ ਕਿਹਾ ਕਿ ਉਹ ਕੁਦਰਤੀ ਖੇਤੀ ਨਾਲ ਤਿਆਰ ਰਾਗੀ ਦਾ ਆਟਾ, ਚੁਕੰਦਰ ਦਾ ਪਾਊਡਰ, ਸੱਤੂ, ਰਾਗੀ ਆਟੇ ਦੇ ਬਿਸਕੁਟ ਆਦਿ ਵੇਚ ਕੇ ਪਰਿਵਾਰ ਚਲਾ ਰਹੀਆਂ ਹਨ।
ਇਸ ਮੌਕੇ ਹੋਰਨਾਂ ਕਿਸਾਨਾਂ ਨੇ ਜੈਵਿਕ ਖੇਤੀ ਦੇ ਫ਼ਾਇਦੇ ਦੱਸੇ। ਉਨ੍ਹਾਂ ਕਿਹਾ ਕਿ ਸਾਧਾਰਨ ਕਾਸ਼ਤ ਦੀ ਥਾਂ ਜੈਵਿਕ ਖੇਤੀ 15 ਤੋਂ 20 ਫ਼ੀਸਦੀ ਪਾਣੀ ਦੀ ਲੋੜ ਹੁੰਦੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਜਸ਼ਨਦੀਪ ਸਿੰਘ ਨੈਣਵਾਲ ਨੇ ਕਿਹਾ ਕਿ ਸਾਨੂੰ ਜ਼ਹਿਰ ਮੁਕਤ ਕੁਦਰਤੀ ਖੇਤੀ ਵਸਤਾਂ ਖ਼ਰੀਦ ਕੇ ਕਿਸਾਨਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮੰਡੀ ਵਿੱਚ ਕਿਸਾਨ ਖ਼ੁਦ ਆਪਣੀ ਜੈਵਿਕ ਖੇਤੀ ਉਤਪਾਦਾਂ ਦਾ ਮੰਡੀਕਰਨ ਕਰਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×