ਘਰ ਵਿੱਚ ਵੜ ਕੇ ਔਰਤ ਦਾ ਗਲਾ ਘੁੱਟਿਆ
ਪੱਤਰ ਪ੍ਰੇਰਕ
ਬਠਿੰਡਾ, 11 ਜੂਨ
ਸ਼ਹਿਰ ਦੀ ਨਵੀਂ ਬਸਤੀ ਗਲੀ ਨੰਬਰ-3 ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਇੱਕ ਨੌਜਵਾਨ ਔਰਤ ਦਾ ਗਲਾ ਘੁੱਟ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਗੌਤਮ ਸ਼ਰਮਾ, ਹਰਸ਼ਿਤ ਚਾਵਲਾ ਨੇ ਐਂਬੂਲੈਂਸ ਸਣੇ ਪਹੁੰਚ ਕੇ ਬੇਹੋਸ਼ ਹੋਈ ਔਰਤ ਵੀਨਾ ਮੋਂਗੀਆ (45) ਪਤਨੀ ਹਰੀਸ਼ ਮੋਂਗੀਆ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ। ਹਸਪਤਾਲ ਵਿੱਚ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਲੰਟੀਅਰਾਂ ਨੇ ਦੱਸਿਆ ਕਿ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਬਣੀ ਹੋਈ ਸੀ ਉਹ ਨਾ ਤਾਂ ਅੱਖਾਂ ਖੋਲ੍ਹ ਸਕਦੀ ਸੀ ਅਤੇ ਨਾ ਹੀ ਬੋਲ ਸਕਦੀ ਹੈ। ਪੀੜਤ ਔਰਤ ਦੀ ਪਰਿਵਾਰ ਵੱਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਹੌਲੀ-ਹੌਲੀ ਆਪਣੇ ਹੱਥ ‘ਤੇ ਜੋਗਿੰਦਰ ਦਾ ਨਾਂ ਲਿਖ ਦਿੱਤਾ ਜੋ ਉਨ੍ਹਾਂ ਦੀ ਦੁਕਾਨ ਦਾ ਮੁਲਾਜ਼ਮ ਹੈ। ਔਰਤ ਦੇ ਪਤੀ ਨੇ ਦੱਸਿਆ ਕਿ ਮਹਿਣਾ ਚੌਕ ਵਿੱਚ ਉਸ ਦੀ ਦੁਕਾਨ ਹੈ ਅਤੇ ਜੋਗਿੰਦਰ ਉਸ ਦੀ ਦੁਕਾਨ ਵਿੱਚ ਕੰਮ ਕਰਦਾ ਹੈ। ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਔਰਤ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।