ਮਾਣੋ ਮਾਪਿਆਂ ਦੀ ਗਲਵੱਕੜੀ ਦਾ ਨਿੱਘ
ਕਮਲਜੀਤ ਕੌਰ ਗੁੰਮਟੀ
ਮਾਪੇ ਸ਼ਬਦ ਵਿੱਚ ਸਭ ਤੋਂ ਵਧੇਰੇ ਅਪਣੱਤ, ਤਿਆਗ ਅਤੇ ਸੁਰੱਖਿਆ ਦੀ ਭਾਵਨਾ ਨਜ਼ਰ ਆਉਂਦੀ ਹੈ। ਮਾਪੇ ਆਪਣੇ ਸੀਨੇ ’ਤੇ ਦੁੱਖ ਦਰਦ ਸਹਿ ਕੇ ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਦਿੰਦੇ ਹਨ। ਬੱਚਿਆਂ ਦੀ ਖ਼ੁਸ਼ੀ ਲਈ ਬੇਮਿਸਾਲ ਤਿਆਗ ਦੇ ਕੇ ਉਨ੍ਹਾਂ ਦੇ ਪਾਲਣ ਪੋਸ਼ਣ ਦੇ ਇਵਜ਼ ਵਜੋਂ ਕਦੇ ਕੁਝ ਨਹੀਂ ਮੰਗਦੇ, ਸਿਰਫ਼ ਔਲਾਦ ਦੀ ਖੁਸ਼ਹਾਲੀ ਲਈ ਦੁਆਵਾਂ ਹੀ ਮੰਗਦੇ ਹਨ।
ਕਿਉਂ ਨਾ ਹੋਵੇ ਅੱਜ ਮੇਰੀ ਜ਼ਿੰਦਗੀ ਐਨੀ ਖ਼ੂਬਸੂਰਤ
ਮੇਰੇ ਮਾਪਿਆਂ ਨੇ ਇਸ ਨੂੰ ਆਪਣੇ ਹੱਥੀਂ ਸਜਾਇਆ ਏ।
ਮਾਪੇ ਸਾਡਾ ਮੁੱਢ ਹਨ। ਮਾਪੇ ਤੋਤਲੇ ਸ਼ਬਦਾਂ ਦੀ ਮਾਸੂਮੀਅਤ ਨੂੰ ਸਮਝਦੇ ਹਨ। ਬੱਚਿਆਂ ਦੀ ਬੁਲੰਦੀ ਲਈ ਦੁਆਵਾਂ ਕਰਨ ਵਾਲੇ ਮਾਪੇ ਹਨ। ਸੰਸਾਰ ਉੱਤੇ ਬੱਚਿਆਂ ਦੀ ਪਹਿਚਾਣ ਕਰਵਾਉਣ ਵਾਲੇ ਮਾਪੇ ਹਨ। ਮਾਪੇ ਆਪ ਹਾਰ ਕੇ ਔਲਾਦ ਨੂੰ ਜਿਤਾਉਂਦੇ ਹਨ। ਜਦ ਮਾਪੇ, ਮਾਪੇ ਬਣਦੇ ਹਨ ਤਾਂ ਉਹ ਆਪਣੇ ਆਪ ਨੂੰ ਸੰਪੂਰਨ ਸਮਝਦੇ ਹਨ। ਸਕੂਲੋਂ ਘਰ ਮੁੜਦਿਆਂ ਨੂੰ ਮਾਪਿਆਂ ਦੀਆਂ ਅੱਖਾਂ ਉਡੀਕਦੀਆਂ ਹਨ। ਜ਼ਿੰਦਗੀ ਭਰ ਮਾਪਿਆਂ ਦੀਆਂ ਅੱਖਾਂ ਵਿੱਚ ਉਡੀਕ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ। ਬੱਚਿਆਂ ਦਾ ਆਤਮਵਿਸ਼ਵਾਸ ਮਾਪੇ ਹਨ। ਮਾਪਿਆਂ ਦਾ ਗੁੱਸਾ ਬੱਚਿਆਂ ਦੇ ਰਾਹ ਰਸ਼ਨਾਉਂਦਾ ਹੈ। ਮਾਪਿਆਂ ਦੀ ਵੱਟੀ ਘੁਰਕੀ ਗ਼ਲਤ ਸਹੀ ਵਿਚਲਾ ਫ਼ਰਕ ਸਮਝਾਉਂਦੀ ਹੈ ਤੇ ਪਿਆਰ ਭਰੀ ਗਲਵੱਕੜੀ ਦਾ ਨਿੱਘ ਜ਼ਿੰਦਗੀ ਨੂੰ ਆਸਰਾ ਦੇ ਕੇ ਪਿਆਰਾ ਤੇ ਖ਼ੂਬਸੂਰਤ ਬਣਾ ਦਿੰਦਾ ਹੈ।
ਜ਼ਿੰਦਗੀ ਵਿੱਚ ਔਕੜਾਂ ਸਮੇਂ ਮਾਪਿਆਂ ਦੀ ਗਲਵੱਕੜੀ ਦਾ ਨਿੱਘ ਸਾਨੂੰ ਡੋਲਣ ਨਹੀਂ ਦਿੰਦਾ। ਜ਼ਿੰਦਗੀ ਦੀ ਰਾਹ ’ਤੇ ਚੱਲਦਿਆਂ ਜਦ ਸਾਨੂੰ ਇਹ ਨਹੀਂ ਸੁੱਝਦਾ ਕਿ ਅਸੀਂ ਕਿਹੜੇ ਰਾਹ ਤੁਰੀਏ? ਤਾਂ ਉਨ੍ਹਾਂ ਨੂੰ ਗਲਵੱਕੜੀ ਪਾ ਕੇ ਉਨ੍ਹਾਂ ਦੇ ਮੋਢੇ ’ਤੇ ਸਿਰ ਰੱਖਦਿਆਂ ਹੀ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ, ਸਾਰੀਆਂ ਉਲਝਣਾਂ ਦਾ ਹੱਲ ਲੱਭ ਜਾਂਦਾ ਹੈ। ਮਾਪਿਆਂ ਦੀ ਮੌਜੂਦਗੀ ਵਿੱਚ ਬੱਚੇ ਹਰ ਖ਼ਤਰੇ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ। ਮਾਪੇ ਸਾਨੂੰ ਪਰਿਵਾਰ ਸੰਭਾਲਣ ਦਾ ਸਲੀਕਾ ਸਿਖਾਉਂਦੇ ਹਨ। ਜ਼ਿੰਦਗੀ ਦੇ ਪੈਂਡਿਆਂ ’ਤੇ ਤੁਰਨਾ ਸਿਖਾਉਣ ਵਾਲੇ ਮਾਪੇ ਜਦੋਂ ਬੇਵਕਤ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ ਤਾਂ ਫੁੱਲ ਰੂਪੀ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਬਿਨਾਂ ਮੁਰਝਾ ਜਾਂਦੇ ਹਨ। ਘਰ ਦੇ ਹਰ ਕੋਨੇ ਵਿੱਚ ਸੁੰਨ ਪਸਰ ਜਾਂਦੀ ਹੈ। ਮਾਪਿਆਂ ਬਗੈਰ ਘਰ ਖੰਡਰ ਬਣ ਜਾਂਦੇ ਹਨ। ਮਾਪਿਆਂ ਬਗੈਰ ਕੋਈ ਬੱਚਿਆਂ ਦੀ ਖ਼ੈਰ ਨਹੀਂ ਮੰਗਦਾ। ਚੰਗੇ ਬੱਚੇ ਆਪਣੇ ਮਾਪਿਆਂ ਵਰਗੇ ਬਣਨ ਦੀ ਲੋਚਾ ਰੱਖ ਕੇ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਦੇ ਹਨ। ਅਜਿਹੇ ਬੱਚਿਆਂ ਵਿੱਚੋਂ ਮਾਪਿਆਂ ਦਾ ਮੁਹਾਂਦਰਾ ਆਪ ਮੁਹਾਰੇ ਨਜ਼ਰ ਆਉਂਦਾ ਹੈ।
ਅੱਜ ਦੇ ਬਦਲਦੇ ਦੌਰ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚ ਕੇ ਅਸੀਂ ਮਾਪਿਆਂ ਤੋਂ ਬੇਮੁੱਖ ਹੋਣ ਦੀ ਗ਼ਲਤੀ ਕਰ ਰਹੇ ਹਾਂ। ਜਿਨ੍ਹਾਂ ਨੇ ਸਾਨੂੰ ਦੁਨੀਆ ਦਿਖਾਈ, ਆਪਣੀ ਜ਼ਿੰਦਗੀ ਦੇ ਹੁਸੀਨ ਪਲ ਸਾਡੇ ਨਾਮ ਕਰ ਦਿੱਤੇ, ਉਨ੍ਹਾਂ ਲਈ ਸਾਡੇ ਕੋਲ ਇੱਕ ਪਲ ਬੈਠਣ ਤੇ ਖੜ੍ਹਨ ਦਾ ਸਮਾਂ ਨਹੀਂ ਹੈ। ਕਿੰਨੇ ਖ਼ੁਦਗਰਜ਼ ਨੇ ਉਹ ਧੀਆਂ ਤੇ ਪੁੱਤਰ ਜਿਨ੍ਹਾਂ ਨੂੰ ਆਪਣੇ ਬੁੱਢੇ ਮਾਪਿਆਂ ਦੇ ਨੈਣਾਂ ਵਿੱਚ ਸੁੱਚਾ ਪਿਆਰ ਦਿਖਾਈ ਨਹੀਂ ਦਿੰਦਾ। ਜਿਨ੍ਹਾਂ ਘਰਾਂ ਵਿੱਚ ਮਾਪਿਆਂ ਦਾ ਸਤਿਕਾਰ ਨਹੀਂ ਉਹ ਘਰ ਤਹਿਜ਼ੀਬ ਤੋਂ ਸੱਖਣੇ ਹੁੰਦੇ ਹਨ। ਉਨ੍ਹਾਂ ਘਰਾਂ ਵਿੱਚ ਸੁੱਖ ਸ਼ਾਂਤੀ ਕਦੇ ਨਿਵਾਸ ਨਹੀਂ ਕਰਦੀ। ਧੀਆਂ ਤੇ ਪੁੱਤਰ ਮਾਪਿਆਂ ਦੀ ਜਾਇਦਾਦ ’ਤੇ ਆਪਣਾ ਪੂਰਾ ਹੱਕ ਸਮਝਦੇ ਹਨ, ਪਰ ਬੁੱਢੇ ਮਾਪੇ ਉਨ੍ਹਾਂ ਨੂੰ ਬੋਝ ਲੱਗਦੇ ਹਨ। ਇਸੇ ਕਰਕੇ ਉਹ ਬੇਵੱਸ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ। ਬਹੁਤੇ ਮਾਪੇ ਤਾਂ ਧੀਆਂ ਪੁੱਤਰਾਂ ਲਈ ਤਰਸਦੀਆਂ ਅੱਖਾਂ ਨਾਲ ਗ਼ਮਾਂ ਦੀ ਪੰਡ ਦਾ ਭਾਰ ਨਾ ਝੱਲਦਿਆਂ ਰੱਬ ਨੂੰ ਪਿਆਰੇ ਹੋ ਜਾਂਦੇ ਹਨ;
ਕਿਉਂ ਜਗਦੇ ਚਿਰਾਗ ਬੁਝਾਈ ਜਾਂਦੇ ਹੋ
ਕਿਉਂ ਵੱਸਦੇ ਘਰਾਂ ’ਚ ਸੋਗ ਪਾਈ ਜਾਂਦੇ ਹੋ।
ਮਾਪਿਆਂ ਨੂੰ ਛੱਡ ਬਿਰਧ ਆਸ਼ਰਮਾਂ ਵਿੱਚ
ਮਾਪਿਆਂ ਦੇ ਹੁੰਦੇ ਅਨਾਥ ਕਹਾਈ ਜਾਂਦੇ ਹੋ।
ਮਾਣੋ ਨਿੱਘ ਮਾਪਿਆਂ ਦੀ ਗਲਵੱਕੜੀ ਦਾ
ਲੱਗੂ ਰੱਬ ਦੀਆਂ ਰਹਿਮਤਾਂ ਪਾਈ ਜਾਂਦੇ ਹੋ।
ਸਾਡਾ ਰੱਬ, ਧਰਮ ਅਤੇ ਤੀਰਥ ਸਥਾਨ ਮਾਪੇ ਹੀ ਹਨ। ਰੱਬੀ ਰੂਪ ਮਾਪਿਆਂ ਦੀ ਸਾਂਭ ਸੰਭਾਲ ਕਰਨਾ ਸਾਡਾ ਧਰਮ ਹੈ। ਪੈਸੇ ਦੀ ਅੰਨ੍ਹੀ ਦੌੜ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਮਾਪਿਆਂ ਨੂੰ ਬੁਢਾਪੇ ਸਮੇਂ ਇਕੱਲੇ ਛੱਡਣ ਦੀ ਗ਼ਲਤੀ ਨਾ ਕਰੀਏ ਜਿਨ੍ਹਾਂ ਨੇ ਸਾਡੇ ਲਈ ਅਨੰਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਜੇਕਰ ਅਸੀਂ ਆਪਣੇ ਮਾਪਿਆਂ ਨਾਲ ਬੁਰਾ ਵਿਵਹਾਰ ਕਰਦੇ ਹਾਂ ਤਾਂ ਵਾਪਸੀ ਦੇ ਰੂਪ ਵਿੱਚ ਸਾਡੀ ਔਲਾਦ ਵੀ ਸਾਡੇ ਨਾਲ ਉਸੇ ਤਰ੍ਹਾਂ ਦਾ ਹੀ ਵਿਵਹਾਰ ਕਰੇਗੀ। ਜਿਹੋ ਜਿਹਾ ਅਸੀਂ ਬੀਜਾਂਗੇ, ਉਹੋ ਜਿਹਾ ਹੀ ਵੱਢਾਂਗੇ। ਬਚਪਨ ਵਿੱਚ ਮਾਪਿਆਂ ਦੀ ਗਲਵੱਕੜੀ ਦੇ ਮਹਿਸੂਸ ਕੀਤੇ ਨਿੱਘ ਦਾ ਬਦਲ, ਉਨ੍ਹਾਂ ਨੂੰ ਬੁਢਾਪੇ ਵਿੱਚ ਆਪਣੀ ਗਲਵੱਕੜੀ ਵਿੱਚ ਲੈ ਕੇ ਦਈਏ। ਸੁਰਜੀਤ ਪਾਤਰ ਦੀ ‘ਮਾਪੇ’ ਕਵਿਤਾ ਮੇਰੇ ਦਿਲ ਦੇ ਬੜੀ ਨਜ਼ਦੀਕ ਹੈ। ਉਸ ਦੀਆਂ ਕੁਝ ਸਤਰਾਂ ਹਨ;
ਮਾਪਿਆਂ ਦੇ ਦੁੱਖ ਬੱਚੇ
ਕਦੇ ਨਹੀਂ ਜਾਣਦੇ।
ਪੁੱਤਾਂ ਦੇ ਦੁੱਖ ਮਾਪੇ
ਸੀਨੇ ਤੇ ਹੈ ਮਾਣਦੇ।
ਭੁੱਖੇ ਭਾਣੇ ਮਰ ਮਰ ਮਾਪੇ
ਕਰਮ ਰਹਿਣ ਕਮਾਉਂਦੇ।
ਤੀਲਾ-ਤੀਲਾ ਜੋੜ ਮਾਪੇ
ਘਰ ਹੈ ਬਣਾਉਂਦੇ।
ਦਿਲਾਂ ਦੇ ਅਰਮਾਨ ਸਾਰੇ
ਚੁਣ ਚੁਣ ਰਹਿਣ ਮਾਰਦੇ।
ਪਤਾ ਨੀ ਕੀ ਜਨਮਾਂ ਦੇ
ਰਹਿਣ ਕਰਜ਼ੇ ਉੱਤਰਦੇ।
ਆਪਣੀ ਔਲ਼ਾਦ ਵਿੱਚ
ਰੂਪ ਵੇਖਣ ਆਪ ਦਾ।
ਪਰ ਨਾ ਔਲ਼ਾਦ ਨੂੰ
ਪਿਆਰ ਦਿਖੇ ਬਾਪ ਦਾ।
ਕੁਝ ਤਾਂ ਬੇਸ਼ਰਮ ਪੁੱਤ
ਬਾਪੂ ਨਾਲ ਲੜ ਪੈਂਦੇ ਨੇ।
ਮਰ ਜਾ ਵੇ ਬੁੱਢਿਆ ਤੂੰ
ਆਖ਼ ਸੁਣਾਉਂਦੇ ਨੇ।
ਕਿਹੋ ਜਿਹੇ ਰੰਗ ਰੱਬ
ਇਸ ਸੰਸਾਰ ਦੇ
ਰੱਬ ਜਿਹੇ ਮਾਪੇ ਪੁੱਤ
ਪੈਰਾਂ ’ਚ ਲਤਾੜਦੇ।
ਸੰਪਰਕ: 98769-26873