For the best experience, open
https://m.punjabitribuneonline.com
on your mobile browser.
Advertisement

ਸਹਿਜ ’ਚ ਜੀਵਨ ਦਾ ਆਨੰਦ

10:24 AM May 25, 2024 IST
ਸਹਿਜ ’ਚ ਜੀਵਨ ਦਾ ਆਨੰਦ
Advertisement

ਡਾ. ਸਤਿੰਦਰ ਪਾਲ ਸਿੰਘ

Advertisement

ਸੰਸਾਰ ਅੰਦਰ ਕੋਈ ਵਿਰਲਾ ਹੀ ਹੋਵੇਗਾ ਜੋ ਪੂਰਨ ਸੁਖੀ ਹੋਵੇ। ਹਰ ਮਨੁੱਖ ਕਿਸੇ ਨਾ ਕਿਸੇ ਪੱਖੋਂ ਦੁਖੀ ਹੈ। ਸਾਰੀਆਂ ਦੇ ਦੁਖ ਦੇ ਆਪੋ ਆਪਣੇ ਕਾਰਨ ਹਨ। ਕਾਰਨ ਭਿੰਨ ਭਿੰਨ ਹੋ ਸਕਦੇ ਹਨ ਪਰ ਇੱਕ ਸਮਾਨਤਾ ਹੈ ਕਿ ਸਾਰੇ ਦੁਖੀ ਹਨ ਤੇ ਆਪਣੇ ਹਾਲਾਤ ਬਦਲਣਾ ਚਾਹੁੰਦੇ ਹਨ। ਦੁਖ ਦਾ ਅਨੁਭਵ ਮਨ ਕਰਦਾ ਹੈ। ਇਸ ਲਈ ਦੁਖ ਦਾ ਮੂਲ ਮਨ ਅੰਦਰ ਹੀ ਹੈ। ਮਨ ਦੁਖ ਮਹਿਸੂਸ ਹੀ ਨਹੀਂ ਕਰਦਾ ਬਲਕਿ ਦੁਖ ਦਾ ਜਨਕ ਵੀ ਹੈ।
ਹਰ ਮਨੁੱਖ ਦੇ ਮਨ ਅੰਦਰ ਕੋਈ ਨ ਕੋਈ ਤੂਫ਼ਾਨ ਚੱਲ ਰਿਹਾ ਹੈ। ਕਿਸੇ ਨੂੰ ਕੁਝ ਚਾਹੀਦਾ ਹੈ, ਕਿਸੇ ਨੂੰ ਕੁਝ ਹੋਰ। ਇਹ ਮੰਗ ਲਾਲਸਾ ਤੋਂ ਜਨਮ ਲੈਂਦੀ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬੇਹਿਸਾਬ ਸਾਮਾਨ ਬਾਜ਼ਾਰ ਅੰਦਰ ਮੌਜੂਦ ਹੈ ਜਿਸ ਨੂੰ ਵੇਚਣ ਲਈ ਨਕਲੀ ਲੋੜਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਮਨੁੱਖ ਉਸ ਨਕਲੀ ਲੋੜ ਦੀ ਪੂਰਤੀ ਲਈ ਉਦੋਂ ਖ਼ਾਸ ਤੌਰ ’ਤੇ ਉਤਾਵਲਾ ਹੋ ਜਾਂਦਾ ਹੈ ਜਦੋਂ ਆਪਣੇ ਗੁਆਂਢੀ, ਮਿੱਤਰ, ਸਬੰਧੀ ਜਾਂ ਕਿਸੇ ਹੋਰ ਜਾਣ ਪਛਾਣ ਵਾਲੇ ਕੋਲ ਕੋਈ ਪਦਾਰਥ ਵੇਖ ਲੈਂਦਾ ਹੈ। ਮਨ ਅੰਦਰ ਕਿਉਂਕਿ ਈਰਖਾ ਹੈ, ਸ਼ਰੀਕੇ ਵਾਲੀ ਹੋੜ ਦੀ ਭਾਵਨਾ ਹੈ, ਦੂਜੇ ਦੀ ਲੋੜ ਨੂੰ ਉਹ ਆਪਣੀ ਲੋੜ ਬਣਾ ਲੈਂਦਾ ਹੈ। ਮਾਇਆ, ਵਿਕਾਰਾਂ ਦੇ ਝੱਖੜ ਵਿੱਚ ਆਪਣੇ ਆਪ ਦੀ ਪਛਾਣ ਹੀ ਵਿਸਰ ਗਈ ਹੈ। ਆਪਣੀਆਂ ਲੋੜਾਂ, ਆਪਣੀ ਸਮਰੱਥਾ, ਆਪਣੀਆਂ ਦਿਲਚਸਪੀਆਂ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ। ਆਪ ਆਪਣੀ ਜ਼ਿੰਦਗੀ ਦਾ ਨਾਇਕ ਬਣਨ ਦੀ ਥਾਂ ਕਿਸੇ ਹੋਰ ਦੇ ਸੁਪਨੇ ਉਧਾਰ ਲੈ ਲਏ ਜਾਂਦੇ ਹਨ। ਸਾਰੀ ਦੁਨੀਆ ਅੰਦਰ ਇਹੋ ਦ੍ਰਿਸ਼ ਚੱਲ ਰਿਹਾ ਹੈ। ਹਰ ਕੋਈ ਕਿਸੇ ਦੂਜੇ ਦੇ ਜੁੱਤੇ ਅੰਦਰ ਆਪਣੇ ਪੈਰ ਰੱਖਣ ਦਾ ਮੌਕਾ ਤਲਾਸ਼ ਰਿਹਾ ਹੈ। ਮਨ ਭਟਕ ਰਿਹਾ ਹੈ। ਤਣਾਅ ਹੈ, ਉਤਾਵਲਾਪਨ ਹੈ, ਕਲੇਸ਼ ਤੇ ਦੂਜਿਆਂ ਦੀ ਬਰਾਬਰੀ ਕਰਨ ਦੀ ਕਾਹਲੀ ਹੈ। ਮਨ ਟਿਕੇਗਾ ਹੀ ਨਹੀਂ ਤਾਂ ਸੁੱਖ, ਆਨੰਦ ਕਿਵੇਂ ਪ੍ਰਾਪਤ ਹੋਵੇਗਾ। ਨਦੀ ਦਾ ਪਾਣੀ ਜਦੋਂ ਸ਼ਾਂਤ ਹੁੰਦਾ ਹੈ ਤਾਂ ਹੀ ਉਸ ਦੇ ਅੰਦਰ ਦੀ ਗਹਿਰਾਈ, ਉਸ ਦੇ ਤਲ ਦਾ ਪਤਾ ਲੱਗਦਾ ਹੈ।
ਮਨ ਨੂੰ ਸ਼ਾਂਤ ਕਰਨ ਲਈ ਆਪਣੇ ਆਪ ਨੂੰ ਪਛਾਣ ਕੇ ਸਵੀਕਾਰ ਕਰਨ ਦੀ ਲੋੜ ਹੈ। ਪਰਮਾਤਮਾ ਨੇ ਜੋ ਬਖ਼ਸ਼ਿਆ ਹੈ ਜੋ ਭਵਿੱਖ ਵਿੱਚ ਬਖ਼ਸ਼ਣ ਜਾ ਰਿਹਾ ਹੈ, ਸਿਰਫ਼ ਉਸ ’ਤੇ ਹੀ ਮਨੁੱਖ ਦਾ ਹੱਕ ਬਣਦਾ ਹੈ। ਬੇਸ਼ੱਕ ਇਸ ਲਈ ਉੱਦਮ ਕਰਨਾ ਪੈਂਦਾ ਹੈ ਪਰ ਇਸ ਦੀ ਪ੍ਰੇਰਨਾ ਵੀ ਪਰਮਾਤਮਾ ਹੀ ਦਿੰਦਾ ਹੈ। ਪਰਮਾਤਮਾ ਹੀ ਕਾਰਜ ਪੂਰੇ ਕਰਦਾ ਹੈ। ਮਨੁੱਖ ਆਪਣੀਆਂ ਲੋੜਾਂ ਆਪਣੀ ਸਮਰੱਥਾ ਤੇ ਯੋਗਤਾ ਮੁਤਾਬਿਕ ਤੈਅ ਕਰੇ ਤੇ ਉਨ੍ਹਾਂ ਦੀ ਪੂਰਤੀ ਲਈ ਯਤਨ ਕਰੇ। ਉਸ ਨੂੰ ਯਤਨ ਤੇ ਹਠ ਵਿੱਚ ਫ਼ਰਕ ਕਰਨਾ ਆਉਣਾ ਚਾਹੀਦਾ ਹੈ। ਯਤਨ ਆਪਣੀ ਸਮਰੱਥਾ, ਗੁਣਾਂ ਅਨੁਸਾਰ ਕੀਤੇ ਜਾਂਦੇ ਹਨ। ਜਦੋਂ ਦੂਜੇ ਦੀ ਰੀਸ ਕਰਨ ਲਈ ਜਾਂ ਈਰਖਾ ਵਿੱਚ ਭਰ ਕੇ ਯਤਨ ਕੀਤਾ ਜਾਵੇ ਉਹ ਹਠ ਬਣ ਜਾਂਦਾ ਹੈ। ਹਠ ਨਾਲ ਕੀਤੇ ਉੱਦਮ ਜ਼ਿਆਦਾ ਨਿਹਫਲ ਹੀ ਜਾਂਦੇ ਹਨ ਕਿਉਂਕਿ ਉਹ ਅਸ਼ਾਂਤ ਮਨ ਨਾਲ ਕੀਤੇ ਗਏ ਹੁੰਦੇ ਹਨ। ਹਠ ਨਾਲ ਪ੍ਰਾਪਤੀ ਹੋ ਵੀ ਜਾਵੇ ਪਰ ਮਨ ਸਹਿਜ ਨਾ ਹੋਣ ਕਾਰਨ ਮਨੁੱਖ ਪੂਰਨ ਆਨੰਦ ਮਾਣਨ ਤੋਂ ਦੂਰ ਹੀ ਰਹਿੰਦਾ ਹੈ। ਜੋ ਜੁੱਤਾ ਉਸ ਲਈ ਹੀ ਬਣਿਆ ਹੈ, ਉਹ ਪ੍ਰਾਪਤ ਹੋ ਵੀ ਜਾਵੇ ਪਰ ਚਾਲ ਵਿਗਾੜ ਦਿੰਦਾ ਹੈ।
ਸੰਸਾਰ ਅੰਦਰ ਅਜਿਹੇ ਬਹੁਤ ਲੋਕ ਮਿਲ ਜਾਣਗੇ ਜਿਨ੍ਹਾਂ ਨੇ ਆਪਣੀ ਯੋਗਤਾ ਤੋਂ ਵੱਧ ਟੇਢੇ ਰਸਤਿਆਂ ਨਾਲ ਮਨ ਚਾਹਿਆ ਹਾਸਲ ਤਾਂ ਕਰ ਲਿਆ ਪਰ ਉਹ ਪ੍ਰਾਪਤੀਆਂ ਹੀ ਉਨ੍ਹਾਂ ਦੇ ਦੁੱਖਾਂ ਦਾ ਕਾਰਨ ਬਣੀਆਂ। ਕੁਝ ਪ੍ਰਾਪਤ ਕਰਨਾ ਜ਼ਿਆਦਾ ਕਠਿਨ ਨਹੀਂ ਪਰ ਉਹ ਪ੍ਰਾਪਤੀ ਜੀਵਨ ਵਿੱਚ ਸੁੱਖ, ਆਨੰਦ ਵੀ ਲਿਆਵੇ ਇਹ ਜ਼ਰੂਰੀ ਨਹੀਂ ਹੈ। ਗੁਰਬਾਣੀ ਅੰਦਰ ਅਜਿਹੇ ਲੋਕਾਂ ਲਈ ਹੀ ਕਿਹਾ ਗਿਆ ਹੈ ਕਿ ਜੋ ਲੋਕ ਬੜੇ ਵੱਡੇ ਵਿਖਾਈ ਦਿੰਦੇ ਹਨ ਉਹ ਚਿੰਤਾ, ਰੋਗਾਂ ਨਾਲ ਘਿਰੇ ਹੋਏ ਹਨ। ਮਨੁੱਖ ਨੂੰ ਦੂਜਿਆਂ ਦੀਆਂ ਪ੍ਰਾਪਤੀਆਂ ਵਿਖਾਈ ਦਿੰਦਿਆਂ ਹਨ ਪਰ ਉਨ੍ਹਾਂ ਨੇ ਪ੍ਰਾਪਤੀਆਂ ਦੀ ਕੀ ਕੀਮਤ ਚੁਕਾਈ ਹੈ, ਕੀ ਅੱਗੇ ਚੁਕਾਉਣ ਵਾਲੇ ਹਨ, ਇਹ ਨਹੀਂ ਦਿੱਸਦਾ। ਦੂਜਿਆਂ ਦੀ ਸਫਲਤਾ ਤੋਂ ਪ੍ਰੇਰਨਾ ਲਈ ਜਾ ਸਕਦੀ, ਉਸ ਲਈ ਆਪਣੇ ਅੰਦਰ ਗੁਣ ਵਿਕਸਤ ਕੀਤੇ ਜਾ ਸਕਦੇ ਹਨ ਪਰ ਸਿਰਫ਼ ਰੀਸ ਆਤਮਘਾਤੀ ਹੁੰਦੀ ਹੈ। ਸਰੋਵਰ ਨਦੀ ਨਹੀਂ ਬਣ ਸਕਦਾ, ਨਦੀ ਸਾਗਰ ਨਹੀਂ ਬਣ ਸਕਦੀ। ਸਾਗਰ ਆਕਾਸ਼ ਨਹੀਂ ਬਣ ਸਕਦਾ। ਸਰੋਵਰ ਤਾਂ ਸਰੋਵਰ ਤੱਕ ਹੈ, ਨਦੀ ਤਾਂ ਨਦੀ ਤੱਕ ਹੈ ਜਦੋਂ ਤੱਕ ਉਸ ਦੇ ਕਿਨਾਰੇ ਬੰਨ੍ਹੇ ਹੋਏ ਹਨ। ਮਰਿਆਦਾ ਰੂਪੀ ਕਿਨਾਰੇ ਹੀ ਮਨੁੱਖ ਦੇ ਜੀਵਨ ਵਿੱਚ ਸਹਿਜ ਦੀ ਅਵਸਥਾ ਸਿਰਜਦੇ ਹਨ।
ਜੀਵਨ ਦੀ ਮਰਿਆਦਾ ਹੈ ਕਿ ਜੋ ਕੁਝ ਪ੍ਰਾਪਤ ਹੋਇਆ ਹੈ ਉਸ ਨੂੰ ਸੰਭਾਲ ਕੇ ਸੰਜੋਅ ਕੇ ਰੱਖਿਆ ਜਾਵੇ। ਜੀਵਨ ਵਿੱਚ ਵੱਡਾ ਜਾਂ ਛੋਟਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਜੋ ਮਨੁੱਖ ਨੂੰ ਪ੍ਰਾਪਤ ਹੈ ਉਸ ਦੀ ਸੁਚੱਜੀ ਵਰਤੋਂ ਉਸ ਨੂੰ ਸੁੰਦਰ ਬਣਾ ਦਿੰਦੀ ਹੈ। ਜੀਵਨ ਵਿੱਚ ਮਹੱਤਵ ਸੁੰਦਰਤਾ ਦਾ ਹੈ। ਸਮਾਂ ਹੋਵੇ, ਸਬੰਧ ਹੋਵੇ, ਪਦਾਰਥ ਹੋਵੇ, ਉਸ ਨੂੰ ਖ਼ੂਬਸੂਰਤ ਬਣਾ ਦੇਣਾ ਮਨੁੱਖ ਦੇ ਹੱਥ ਵਿੱਚ ਹੈ। ਰੱਬ ਨੇ ਨਿੱਕੀ ਜਿਹੀ ਤਿਤਲੀ ਬਣਾਈ ਪਰ ਉਸ ਦੇ ਖੰਭਾਂ ਵਿੱਚ ਵੰਨ ਸੁਵੰਨੇ ਰੰਗ ਭਰ ਕੇ ਉਸ ਨੂੰ ਖ਼ੂਬਸੂਰਤ ਬਣਾ ਦਿੱਤਾ। ਮਨੁੱਖ ਕੋਲ ਭਾਵਨਾਵਾਂ ਦਾ ਅਦੁੱਤੀ ਖ਼ਜ਼ਾਨਾ ਲੁਕਿਆ ਪਿਆ ਹੈ। ਲੋੜ ਹੈ ਆਪਣੇ ਅੰਦਰ ਛੁਪੇ ਇਸ ਖ਼ਜ਼ਾਨੇ ਤੋਂ ਪ੍ਰੇਮ, ਸੰਜਮ ਤੇ ਸੰਤੋਖ ਦੇ ਰੰਗ ਕੱਢ ਕੇ ਜੀਵਨ ਨੂੰ ਖ਼ੂਬਸੂਰਤ ਬਣਾਉਣ ਦੀ ਕਿਉਂਕਿ ਖ਼ੁਸ਼ੀਆਂ ਮਨੁੱਖ ਦੇ ਨੇੜੇ ਤੇੜੇ ਹੀ ਵੱਸ ਰਹੀਆਂ ਹਨ। ਉਨ੍ਹਾਂ ਦੀ ਪਛਾਣ ਕਰ ਕੇ ਭਾਵਨਾਵਾਂ ਦੇ ਰੰਗ ਭਰਦਿਆਂ ਹੀ ਆਨੰਦ ਦੇ ਸੋਮੇ ਵਰ੍ਹ ਪੈਣਗੇ। ਅੰਮ੍ਰਿਤ ਵੇਲੇ ਉੱਠ ਕੇ ਸੂਰਜ ਦਾ ਉੱਗਣਾ ਵੇਖਣਾ ਮਨ ਅੰਦਰ ਆਸ ਭਰ ਦਿੰਦਾ ਹੈ। ਸੂਰਜ ਨੇ ਇਹ ਦ੍ਰਿਸ਼ ਆਪ ਕੁਦਰਤ ਦਾ ਸਭ ਤੋਂ ਮਨੋਰਮ ਦ੍ਰਿਸ਼ ਬਣਾ ਦਿੱਤਾ ਹੈ ਕਿਉਂਕਿ ਉਸ ਦੇ ਉੱਗਣ ਵਿੱਚ ਸਹਿਜ ਹੈ, ਤਿਲ ਮਾਤਰ ਵੀ ਵਿਆਕੁਲਤਾ ਨਹੀਂ ਹੈ। ਸੂਰਜ ਦਾ ਸਹਿਜ ਹੀ ਉਸ ਨੂੰ ਕਦੋਂ ਦੁਪਹਿਰ ਦੇ ਸਿਖਰ ਤੱਕ ਪਹੁੰਚਾ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ। ਉਸ ਦਾ ਡੁੱਬਣਾ ਵੀ ਸਹਿਜ ਦੀ ਸ੍ਰੇਸ਼ਟ ਮਿਸਾਲ ਹੈ। ਬਿਨਾ ਕਿਸੇ ਨਿਰਾਸ਼ਾ, ਬਿਨਾ ਕਿਸੇ ਪ੍ਰਤੀਕਰਮ ਸੂਰਜ ਚਹਿਲਕਦਮੀ ਕਰਦਿਆਂ ਆਕਾਸ਼ ਦੇ ਦੂਜੇ ਪਾਸੇ ’ਤੇ ਪੁੱਜ ਕੇ ਲੋਪ ਹੋ ਜਾਂਦਾ ਹੈ। ਉਸ ਦੇ ਉੱਗਣ ਵਿੱਚ ਵੀ ਸਹਿਜ ਹੈ ਤੇ ਡੁੱਬਣ ਵਿੱਚ ਵੀ ਸਹਿਜ ਹੈ। ਇਹੋ ਕਾਰਨ ਹੈ ਕਿ ਲੋਕਾਂ ਨੂੰ ਸੂਰਜ ਦਾ ਉੱਗਣਾ ਵੀ ਮਨਮੋਹਕ ਲੱਗਦਾ ਹੈ ਤੇ ਡੁੱਬਣਾ ਵੀ।
ਮਨੁੱਖ ਦਾ ਅਮੀਰ ਜਾਂ ਗ਼ਰੀਬ ਹੋਣਾ, ਤਾਕਤਵਰ ਜਾਂ ਕਮਜ਼ੋਰ ਹੋਣਾ, ਉੱਚੀ ਜਾਂ ਨੀਵੀਂ ਪਦਵੀ ’ਤੇ ਹੋਣਾ ਉਸ ਦੇ ਕਰਮਾਂ ਦਾ ਫ਼ਲ ਕਿਹਾ ਜਾ ਸਕਦਾ ਹੈ ਪਰ ਉਸ ਦਾ ਸੁਖੀ ਜਾਂ ਦੁਖੀ ਹੋਣਾ ਉਸ ਦੀ ਆਪਣੀ ਜੀਵਨ ਦ੍ਰਿਸ਼ਟੀ ਦਾ ਫ਼ਲ ਹੈ। ਭਗਤ ਕਬੀਰ ਦਾਸ ਜੀਵਨ ਭਰ ਕੱਪੜਾ ਬੁਣਦੇ ਰਹੇ, ਭਗਤ ਰਵਿਦਾਸ ਜੀਵਨ ਭਰ ਜੁੱਤੀਆਂ ਗੰਢਦੇ ਰਹੇ ਪਰ ਉਨ੍ਹਾਂ ਦੇ ਜੀਵਨ ਅੰਦਰ ਆਨੰਦ ਦੇ ਜੋ ਸਾਗਰ ਲਹਿਰਾ ਰਹੇ ਸਨ ਉਹ ਵੱਡੇ ਵੱਡੇ ਜਪੀਆਂ ਤਪੀਆਂ ਦੇ ਹਿੱਸੇ ਨਹੀਂ ਆਏ। ਭਗਤ ਕਬੀਰ ਜਾਂ ਭਗਤ ਰਵਿਦਾਸ ਬਣਨਾ ਕਿਸੇ ਲਈ ਵੀ ਮੁਮਕਿਨ ਨਹੀਂ ਹੈ ਪਰ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਤਾਂ ਲਈ ਹੀ ਜਾ ਸਕਦੀ ਹੈ। ਭਗਤ ਕਬੀਰ ਲਈ ਕਾਸ਼ੀ ਤੇ ਮਗਹਰ ਇੱਕ ਸਮਾਨ ਸਨ। ਭਗਤ ਰਵਿਦਾਸ ਲਈ ਪਾਰਸ ਤੇ ਪੱਥਰ ’ਚ ਕੋਈ ਭੇਦ ਨਹੀਂ ਸੀ। ਉਨ੍ਹਾਂ ਨੇ ਸੰਸਾਰ ਦੇ ਫੇਰ ਵਿੱਚ ਪਏ ਬਿਨਾ ਸੰਸਾਰ ਅੰਦਰ ਆਪਣੀ ਭੂਮਿਕਾ ਨੂੰ ਪਛਾਣਿਆ ਅਤੇ ਉਸ ਦਾ ਪੂਰਨ ਸਮਰਪਣ ਨਾਲ ਨਿਰਵਾਹ ਕੀਤਾ। ਮਨੁੱਖ ਆਪਣੀ ਭੂਮਿਕਾ ਦੀ ਪਛਾਣ ਕਰੇ ਤੇ ਉਸ ਨੂੰ ਨਿਭਾਉਣ ਲਈ ਤਨ, ਮਨ ਨਾਲ ਯਤਨ ਕਰੇ। ਨਦੀ ਵਿੱਚ ਜਲ ਦਾ ਪ੍ਰਵਾਹ ਤਾਂ ਹੀ ਬਣਦਾ ਤੇ ਤੁਰਦਾ ਹੈ ਜਦੋਂ ਉਹ ਕਿਨਾਰਿਆਂ ਦੇ ਅੰਦਰ ਚੱਲਦਾ ਹੈ। ਨਦੀ ਦਾ ਜਲ ਜਦੋਂ ਹਠ ਕਰਦਾ ਹੈ ਤਾਂ ਕਿਨਾਰੇ ਤੋੜ ਕੇ ਹੜ੍ਹ ਬਣ ਜਾਂਦਾ ਹੈ ਤੇ ਤਬਾਹੀ ਲਿਆਉਂਦਾ ਹੈ। ਜ਼ਿੰਦਗੀ ਨੂੰ ਹੜ੍ਹ ਦਾ ਜਲ ਨਾ ਬਣਨ ਦਿਓ। ਸਹਿਜ ਰਹੋ ਤਾਂ ਇੱਕ ਦਿਨ ਆਪ ਹੀ ਉਸ ਸਿਖਰ ’ਤੇ ਪੁੱਜ ਜਾਵੋਗੇ ਜੋ ਪਰਮਾਤਮਾ ਨੇ ਤੁਹਾਡੇ ਲਈ ਨਿਰਧਾਰਤ ਕੀਤਾ ਹੋਇਆ ਹੈ। ਸਾਗਰ ਵਿੱਚ ਮਿਲਣ ਲਈ ਸਹਿਜ ਪ੍ਰਵਾਹ ਬਣੋ।
ਈਮੇਲ:akaalpurkh.7<\@>gmail.com

Advertisement
Author Image

joginder kumar

View all posts

Advertisement
Advertisement
×