ਇੰਗਲੈਂਡ ਦੇ ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ
ਲੰਡਨ, 8 ਸਤੰਬਰ
ਇੰਗਲੈਂਡ ਦੇ ਹਰਫਨਮੌਲਾ ਕ੍ਰਿਕਟਰ ਮੋਈਨ ਅਲੀ (37) ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਅਲੀ ਨੇ ਇਹ ਖੁਲਾਸਾ ‘ਡੇਲੀ ਮੇਲ’ ਵੱਲੋਂ ਸ਼ਨਿਚਰਵਾਰ ਨੂੰ ਪ੍ਰਕਾਸ਼ਿਤ ਇੱਕ ਇੰਟਰਵਿਊ ’ਚ ਕੀਤਾ। ਬਰਮਿੰਘਮ ਵਿੱਚ ਜਨਮੇ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਸਪਿਨਰ ਮੋਈਨ ਅਲੀ ਨੇ 2014 ਤੋਂ ਇੰਗਲੈਂਡ ਲਈ ਕੌਮਾਂਤਰੀ ਪੱਧਰ ’ਤੇ 68 ਟੈਸਟ, 138 ਇੱਕ ਰੋਜ਼ਾ ਅਤੇ 92 ਟੀ-20 ਮੈਚ ਖੇਡੇ ਹਨ। ਉਸ ਨੇ ਆਪਣਾ ਆਖਰੀ ਮੈਚ ਜੂਨ ਮਹੀਨੇ ਖੇਡਿਆ ਸੀ। ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਉਸ ਦੇ ਨਾਂ 366 ਵਿਕਟਾਂ ਹਨ। ਅਲੀ ਨੇ ਕਿਹਾ, ‘‘ਮੈਂ 37 ਸਾਲਾਂ ਦਾ ਹਾਂ ਅਤੇ ਮੈਨੂੰ ਇਸ ਮਹੀਨੇ ਆਸਟਰੇਲੀਆ ਖਿਲਾਫ਼ ਲੜੀ ਲਈ ਨਹੀਂ ਚੁਣਿਆ ਗਿਆ।’’ ਮੋਈਨ ਅਲੀ ਮੁਤਾਬਕ, ‘‘ਮੈਂ ਇੰਗਲੈਂਡ ਲਈ ਕਾਫੀ ਕ੍ਰਿਕਟ ਖੇਡੀ ਹੈ। ਇਹ ਅਗਲੀ ਪੀੜ੍ਹੀ ਲਈ ਸਮਾਂ ਹੈ, ਜਿਸ ਬਾਰੇ ਮੈਨੂੰ ਵੀ ਸਮਝਾਇਆ ਗਿਆ ਸੀ। ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਢੁੱਕਵਾਂ ਸਮਾਂ ਸੀ। ਮੈਂ ਆਪਣਾ ਕੰਮ ਕਰ ਦਿੱਤਾ ਹੈ।’’ ਮੋਈਨ ਅਲੀ ਇੰਗਲੈਂਡ ਦੀ 2019 ’ਚ ਇੱਕ ਰੋਜ਼ਾ ਅਤੇ 2022 ਵਿੱਚ ਟੀ-20 ਵਿਸ਼ਵ ਕੱਪ ਜੇਤੂੁ ਟੀਮ ਦਾ ਮੈਂਬਰ ਸੀ। -ਰਾਇਟਰਜ਼