ਇੰਜੀਨੀਅਰਜ਼ ਇੰਸਟੀਟਿਊਸ਼ਨ ਬਠਿੰਡਾ ਨੇ ਮਹਿਲਾ ਦਿਵਸ ਮਨਾਇਆ
ਮਨੋਜ ਸ਼ਰਮਾ
ਬਠਿੰਡਾ, 12 ਮਾਰਚ
ਇੰਜੀਨੀਅਰਜ਼ ਇੰਸਟੀਟਿਊਸ਼ਨ (ਭਾਰਤ), ਬਠਿੰਡਾ ਲੋਕਲ ਸੈਂਟਰ ਵੱਲੋਂ "ਐਕਸੀਲਰੇਸ਼ਨ ਐਕਸ਼ਨ" ਥੀਮ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਮਹਿਲਾਵਾਂ ਦੇ ਹੱਕਾਂ, ਲਿੰਗ ਸਮਾਨਤਾ ਅਤੇ ਉਨ੍ਹਾਂ ਦੀ ਭੂਮਿਕਾ ’ਤੇ ਗੱਲਬਾਤ ਕੀਤੀ ਗਈ।
ਇਸ ਮੌਕੇ ਵਿਧਾਨ ਸਭਾ ਦੇ ਚੀਫ ਵਿਪ ਡਾ. ਬਲਜਿੰਦਰ ਕੌਰ (ਐਮ.ਐਲ.ਏ, ਤਲਵੰਡੀ ਸਾਬੋ) ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਡਾ. ਸਵੀਨਾ ਬਾਂਸਲ (ਸਾਬਕਾ ਡੀਨ, ਅਕਾਦਮਿਕ ਅਫੇਅਰਜ਼) ਤੇ ਲੈਫਟੀਨੈਂਟ ਕਰਨਲ ਸਪਨਾ ਤਿਵਾਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਇੰਜੀਨੀਅਰ ਕਰਤਾਰ ਸਿੰਘ ਬਰਾੜ, ਚੇਅਰਮੈਨ, ਆਈ.ਈ.ਆਈ. ਬਠਿੰਡਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ 27 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਉਪਲਬਧੀ ਨਾਲ ਹੋਰਨਾਂ ਲਈ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ। ਡਾ. ਜਗਤਾਰ ਸਿੰਘ ਸਿਵੀਆ (ਸਾਬਕਾ ਚੇਅਰਮੈਨ, ਆਈ.ਈ.ਆਈ. ਬਠਿੰਡਾ ਲੋਕਲ ਸੈਂਟਰ) ਨੇ ਲਿੰਗ ਸਮਾਨਤਾ ਵੱਲ ਇੰਜਨੀਅਰਜ਼ ਇੰਸਟੀਟਿਊਸ਼ਨ ਦੇ ਯਤਨਾਂ ’ਤੇ ਚਰਚਾ ਕੀਤੀ। ਡਾ. ਅਮਨਦੀਪ ਕੌਰ ਸਰਾਓ ਨੇ ਸਮਾਗਮ ਦੀ ਕਨਵੀਨਰ ਵਜੋਂ ਤੇ ਇੰਜਨੀਅਰ ਗੁਰਪ੍ਰੀਤ ਭਾਰਤੀ ਨੇ ਕੋ-ਕਨਵੀਨਰ ਵਜੋਂ ਭੂਮਿਕਾ ਨਿਭਾਈ। ਸਮਾਗਮ ਦਾ ਸੰਚਾਲਨ ਰਹਿਮਤ ਕੌਰ ਸਿਵੀਆ ਨੇ ਕੀਤਾ।