For the best experience, open
https://m.punjabitribuneonline.com
on your mobile browser.
Advertisement

ਇੰਜਨੀਅਰ ਦਿਵਸ: ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਵੱਲੋਂ ਸਮਾਗਮ

08:46 AM Sep 16, 2024 IST
ਇੰਜਨੀਅਰ ਦਿਵਸ  ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਵੱਲੋਂ ਸਮਾਗਮ
ਚੰਡੀਗੜ੍ਹ ਵਿੱਚ ਕਰਵਾਏ ਸਮਾਗਮ ਵਿੱਚ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 15 ਸਤੰਬਰ
ਇੱਥੋਂ ਦੇ ਸੈਕਟਰ 35 ਸਥਿਤ ਮਿਉਂਸਿਪਲ ਭਵਨ ਦੇ ਆਡੀਟੋਰੀਅਮ ਵਿੱਚ ਅੱਜ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਪੰਜਾਬ ਦੇ ਝੰਡੇ ਹੇਠ ਇੰਜਨੀਅਰ ਦਿਵਸ ਮਨਾਇਆ ਗਿਆ ਜਿੱਸ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਜਲ ਸਰੋਤ ਪ੍ਰਬੰਧਨ ਸਮੇਤ ਬੋਰਡਾਂ ਕਾਰਪੋਰੇਸ਼ਨਾਂ ਦੇ ਵੱਡੀ ਗਿਣਤੀ ਇੰਜਨੀਅਰ ਸ਼ਾਮਲ ਹੋਏ। ਉਨ੍ਹਾਂ ਸਵ. ਇੰਜਨੀਅਰ ਮੋਕਸ਼ਾਗੁੰਡਮ ਵਿਸਵੇਸਵਰਾਇਆ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਅਤੇ ਇੰਜਨੀਅਰਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਬਾਰੇ ਚਰਚਾ ਕੀਤੀ। ਕੌਂਸਲ ਦੇ ਸੂਬਾਈ ਚੇਅਰਮੈਨ ਕਰਮਜੀਤ ਸਿੰਘ ਬੀਹਲਾ, ਸਰਪ੍ਰਸਤ ਸੁਖਮਿੰਦਰ ਸਿੰਘ ਲਵਲੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਅਤੇ ਚਰਨਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਆਲ ਇੰਡੀਆ ਫੈਡਰੇਸ਼ਨ ਆਫ ਡਿਪਲੋਮਾ ਇੰਜਨੀਅਰਜ਼ ਦੇ ਕੌਮੀ ਜਨਰਲ ਸਕੱਤਰ ਮੋਹਨ ਰਾਜਵੰਗਸ਼ੀ ਨੇ ਅਸਾਮ ਤੋਂ ਪੁੱਜ ਕੇ ਇੰਜਨੀਅਰਾਂ ਨਾਲ ਸਾਂਝ ਦਾ ਸੁਨੇਹਾ ਦਿੱਤਾ। ਵਕਫ਼ ਬੋਰਡ ਦੇ ਮੈਂਬਰ ਅਨਵਰ ਭਸੌੜ ਨੇ ਸਭ ਨੂੰ ਵਧਾਈ ਦਿੱਤੀ। ਡਾ. ਨਰਿੰਦਰ ਸਿੰਘ ਸੰਧੂ ਨੇ ਪੰਜਾਬ ਦੇ ਪਾਣੀਆਂ ਦੇ ਸੰਕਟ ਬਾਰੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਸਮੇਤ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਸ਼ਮ੍ਹਾਂ ਰੌਸ਼ਨ ਕੀਤੀ ਅਤੇ ਹਾਜ਼ਰੀਨ ਨੂੰ ਇੰਜਨੀਅਰ ਦਿਵਸ ਦੀ ਵਧਾਈ ਦਿੱਤੀ।
ਕੈਬਨਿਟ ਮੰਤਰੀ ਜਿੰਪਾ ਨੇ ਤਾਰੀਫ਼ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਇਨ੍ਹਾਂ ਇੰਜਨੀਅਰਾਂ ਦੀ ਬਦੌਲਤ ਹੀ ਸੁਖ਼ਾਲਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਮੁੱਚੇ ਇੰਜਨੀਅਰ ਵਰਗ ਲਈ ਕੁਝ ਕਰਨਾ ਚਾਹੁੰਦੀ ਹੈ ਪ੍ਰੰਤੂ ਫਿਲਹਾਲ ਸਰਕਾਰ ਦੀਆਂ ਕੁਝ ਵਿੱਤੀ ਮਜਬੂਰੀਆਂ ਹਨ। ਉਨ੍ਹਾਂ ਜੇਈ ਤੋਂ ਐੱਸਡੀਓ ਦਾ ਪ੍ਰਮੋਸ਼ਨ ਕੋਟਾ ਅਕਤੂਬਰ ਮਹੀਨੇ ਵਿੱਚ 50 ਤੋਂ 75 ਪ੍ਰਤੀਸ਼ਤ ਕਰਨ ਦਾ ਭਰੋਸਾ ਦਿਵਾਇਆ ਅਤੇ ਤੇਲ ਭੱਤੇ ਦੀ ਬਹਾਲੀ, ਏ.ਸੀ.ਪੀ. ਸਕੀਮ ਦਾ ਲਾਭ ਦੇਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਵੀ ਇੰਜਨੀਅਰਾਂ ਦਾ ਵਕੀਲ ਬਣ ਕੇ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਸੀਵਰੇਜ ਬੋਰਡ ਵਿੱਚ 50 ਤੋਂ 75 ਪ੍ਰਤੀਸ਼ਤ ਪ੍ਰਮੋਸ਼ਨ ਕੋਟੇ ਦੀ ਫਾਈਲ ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਜੇ.ਈਜ਼ ਲਈ ਤੇਲ ਭੱਤਾ ਵੀ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇੰਜਨੀਅਰਾਂ ਨੂੰ ਸਹੀ ਕੰਮ ਕਰਨ ਦੀ ਸੇਧ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਐੱਨ.ਜੀ.ਟੀ. ਵਾਲੇ ਕੇਸ ਵਿੱਚ ਜਿੱਥੇ ਸੀਵਰੇਜ ਬੋਰਡ ਦੇ ਜੇ.ਈ. ਜਾਂ ਐਸ.ਡੀ.ਓ. ਦੀਆਂ ਚਾਰਜਸ਼ੀਟਾਂ ਹੋਈਆਂ ਹਨ, ਉਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਮਾਗਮ ਵਿੱਚ ਨਾ ਆਉਣ ਦੀ ਮਜਬੂਰੀ ਕਰਕੇ ਭੇਜਿਆ ਗਿਆ ਵੀਡੀਓ ਸੰਦੇਸ਼ ਵੀ ਫਿਲਮਾਇਆ ਗਿਆ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਇੰਜਨੀਅਰ ਦਿਵਸ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਵਿੱਚ ਅੱਜ ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਇੰਜਨੀਅਰ ਦਿਵਸ ਸਬੰਧੀ ਪ੍ਰਕਾਸ਼ਿਤ ਕੀਤੇ ਗਏ ਸਪਲੀਮੈਂਟ ਦੀ ਸ਼ਲਾਘਾ ਵੀ ਕੀਤੀ ਗਈ। ਇੰਜਨੀਅਰ ਜਸਵਿੰਦਰ ਸਿੰਘ ਤੇ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਦੀਪਾਂਸ਼ ਗੁਪਤਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement