ਚੰਡੀਗੜ੍ਹ ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਸੈਕਟਰ-19 ਤੇ 20 ’ਚੋਂ ਕਬਜ਼ੇ ਹਟਾਏ
ਮੁਕੇਸ਼ ਕੁਮਾਰ
ਚੰਡੀਗੜ੍ਹ, 31 ਅਗਸਤ
ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸੈਕਟਰ-19 ਤੇ 20 ਵਿੱਚ ਮੁਹਿੰਮ ਚਲਾ ਕੇ ਨਾਜਾਇਜ਼ ਤੌਰ ’ਤੇ ਬੈਠੇ 85 ਵਿਕਰੇਤਾਵਾਂ ਦੇ ਚਲਾਨ ਕੱਟੇ ਤੇ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ। ਜਾਣਕਾਰੀ ਅਨੁਸਾਰ ਨਿਗਮ ਦੀ ਐਨਫੋਰਸਮੈਂਟ ਟੀਮ ਦੇ ਸਬ-ਇੰਸਪੈਕਟਰ ਦੀਪਕ, ਰਜਤ ਅਤੇ ਵਿਵੇਕ ਨੇ ਇਨ੍ਹਾਂ ਸੈਕਟਰਾਂ ਵਿੱਚ ਵਿਕਰੇਤਾਵਾਂ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਕੀਤੇ ਕਬਜ਼ਿਆਂ ਨੂੰ ਛੁਡਵਾਇਆ। ਸੈਕਟਰ-19 ਦੀ ਸਦਰ ਮਾਰਕੀਟ ਵਿੱਚ ਪਾਰਕਿੰਗ ਵਾਲੀ ਥਾਂ ’ਤੇ ਵਿਕਰੇਤਾਵਾਂ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਇਲਾਵਾ ਵਿਕਰੇਤਾਵਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ 6x5 ਫੁੱਟ ਜਗ੍ਹਾ ਅਲਾਟ ਕੀਤੀ ਗਈ ਹੈ ਅਤੇ ਉਹ ਉਸੇ ਦੇ ਅੰਦਰ ਹੀ ਸੀਮਤ ਰਹਿਣ। ਕੁਝ ਵਿਕਰੇਤਾਵਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਮੁਹਿੰਮ ਦੌਰਾਨ ਪੁਲੀਸ ਮੌਜੂਦ ਹੋਣ ਕਾਰਨ ਉਹ ਜ਼ਿਆਦਾ ਵਿਰੋਧ ਨਹੀਂ ਕਰ ਸਕੇ। ਜਦੋਂ ਵਿਕਰੇਤਾਵਾਂ ਨੇ ਇਤਰਾਜ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਦੇ ਸਟੇਅ ਆਰਡਰ ਹਨ ਤਾਂ ਸਬ-ਇੰਸਪੈਕਟਰਾਂ ਨੇ ਕਿਹਾ ਕਿ ਸਟੇਅ ਦਾ ਮਤਲਬ ਇਹ ਨਹੀਂ ਹੈ ਕਿ ਉਹ ਪਾਰਕਿੰਗ ਵਿੱਚ ਆਪਣਾ ਸਾਮਾਨ ਰੱਖ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ। ਉਨ੍ਹਾਂ ਨੇ ਆਪਣਾ ਸਾਮਾਨ ਅਲਾਟ ਕੀਤੀ ਜਗ੍ਹਾ ’ਤੇ ਹੀ ਰੱਖਣਾ ਹੈ, ਜੇ ਉਹ ਇਸ ਤੋਂ ਵੱਧ ਖੇਤਰ ’ਚ ਆਪਣਾ ਮਾਲ ਰੱਖਦੇ ਹਨ ਤਾਂ ਚਲਾਨ ਸਣੇ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਇਸ ਮੌਕੇ ਮਾਰਕੀਟ ਵਿੱਚ ਇੱਕ ਜਗ੍ਹਾ ਨੂੰ ਰੰਗ ਨਾਲ ਨਿਸ਼ਾਨਬੱਧ ਵੀ ਕੀਤਾ ਗਿਆ।
ਇਸ ਦੌਰਾਨ ਇੰਸਪੈਕਟਰ ਅਵਤਾਰ ਗੋਰੀਆ ਨੇ ਦੱਸਿਆ ਕਿ ਅੱਜ 85 ਚਲਾਨ ਕੀਤੇ ਗਏ ਹਨ। ਸਬ-ਇੰਸਪੈਕਟਰਾਂ ਨੇ ਦੱਸਿਆ ਕਿ ਨਾਜਾਇਜ਼ ਤੌਰ ’ਤੇ ਬੈਠੇ ਵਿਕਰੇਤਾਵਾਂ ਦਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਵਿਕਰੇਤਾ ਨੇ ਅੱਠ-ਦਸ ਫੱਟੇ ਲਗਾ ਕੇ ਜਗ੍ਹਾ ’ਤੇ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਵਿਕਰੇਤਾਵਾਂ ਨੂੰ ਦਿੱਤੇ ਸਟੇਅ ਆਰਡਰ ਵਿੱਚ ਜਗ੍ਹਾ ਨਹੀਂ ਦੱਸੀ ਗਈ, ਇਸ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਵਿਕਰੇਤਾ ਕਿਸੇ ਵੀ ਥਾਂ ’ਤੇ ਬੈਠ ਜਾਂਦੇ ਹਨ। ਕਿਸੇ ਨੂੰ ਵੀ ਪਾਰਕਿੰਗ ਅਤੇ ਵਰਾਂਡੇ ਵਿੱਚ ਸਾਮਾਨ ਰੱਖਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਮਾਰਕੀਟਾਂ ਵਿੱਚ ਚੈਕਿੰਗ ਕਰਨਗੇ।
ਧਾਰਮਿਕ ਸਥਾਨ ਢਾਹੁਣ ਪਹੁੰਚੀ ਨਿਗਮ ਦੀ ਟੀਮ ਦਾ ਵਿਰੋਧ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਦੇ ਸੈਕਟਰ-23 ’ਚ ਸਥਿਤ ਇਕ ਧਾਰਮਿਕ ਸਥਾਨ ਨੂੰ ਢਾਹੁਣ ਗਈ ਨਗਰ ਨਿਗਮ ਦੀ ਟੀਮ ਨੂੰ ਉਸ ਸਮੇਂ ਬਿਨਾਂ ਕਾਰਵਾਈ ਕੀਤਿਆਂ ਪਰਤਣਾ ਪਿਆ ਜਦੋਂ ‘ਆਪ’ ਦੇ ਕੌਂਸਲਰ ਦਮਨਪ੍ਰੀਤ ਸਣੇ ਮਾਰਕੀਟ ਦੇ ਦੁਕਾਨਦਾਰਾਂ ਨੇ ਟੀਮ ਦਾ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਨਿਗਮ ਦੀ ਟੀਮ ਮਾਰਕੀਟ ਸਾਹਮਣੇ ਸੜਕ ਕਿਨਾਰੇ ਬਣੇ ਮੰਦਰ ਨੂੰ ਢਾਹੁਣ ਲਈ ਪੁੱਜੀ ਤਾਂ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਕੌਂਸਲਰ ਦਮਨਪ੍ਰੀਤ ਨੇ ਉੱਥੇ ਪੁੱਜ ਕੇ ਮੰਦਰ ਦੇ ਸਾਹਮਣੇ ਧਰਨਾ ਦਿੱਤਾ। ਟੀਮ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਇਹ ਕਾਰਵਾਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ ਪਰ ਕੌਂਸਲਰ ਸਹਿਮਤ ਨਹੀਂ ਹੋਏ ਤੇ ਮੰਦਰ ਨੂੰ ਢਾਹੁਣ ਨਹੀਂ ਦਿੱਤਾ। ਕੌਂਸਲਰ ਦਮਨਪ੍ਰੀਤ ਨੇ ਦੱਸਿਆ ਕਿ ਸੈਕਟਰ ਵਿੱਚ ਇੱਕ ਦਰੱਖਤ ਹੇਠਾਂ ਭਗਵਾਨ ਸ਼ਿਵ ਦੀ ਮੂਰਤੀ ਅਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ ਤੇ ਇਹ ਪਿਛਲੇ ਵੀਹ ਸਾਲਾਂ ਤੋਂ ਉੱਥੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਹੋਇਆ ਹੈ ਤੇ ਨਾ ਹੀ ਇਸ ਸਬੰਧੀ ਕੋਈ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਰਕੀਟ ਦੇ ਦੁਕਾਨਦਾਰਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ ਜਿਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ਕੌਂਸਲਰ ਨੇ ਕਿਹਾ ਕਿ ਉਹ ਸ਼ਹਿਰ ਦੇ ਕਿਸੇ ਵੀ ਅਜਿਹੇ ਧਾਰਮਿਕ ਸਥਾਨ ਨੂੰ ਢਾਹੁਣ ਨਹੀਂ ਦੇਣਗੇ ਜਿਸ ਦੀ ਆਸਥਾ ਲੋਕਾਂ ਨਾਲ ਜੁੜੀ ਹੋਵੇ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਹਨ। ਜਿਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਢਾਹੁਣ ਦੇ ਨੋਟਿਸ ਮਿਲੇ ਹਨ, ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।