ਫਲਸਤੀਨ ਯੁੱਧ ਖ਼ਤਮ ਹੋਵੇ
ਹਮਾਸ ਵੱਲੋਂ 7 ਅਕਤੂਬਰ, 2023 ਨੂੰ ਅਚਾਨਕ 1200 ਇਜ਼ਰਾਇਲੀ ਨਾਗਰਿਕਾਂ ਨੂੰ ਮਾਰ ਦੇਣ ਤੋਂ ਬਾਅਦ ਸ਼ੁਰੂ ਹੋਈ ਇਜ਼ਰਾਈਲ-ਹਮਾਸ ਦੀ ਲੜਾਈ ਦੇ 88ਵੇਂ ਦਿਨ ਵੀ ਇਜ਼ਰਾਇਲੀ ਫ਼ੌਜ ਨੇ ਗਾਜ਼ਾ ਦੇ ਸ਼ਰਨਾਰਥੀ ਕੈਂਪਾਂ ਸਮੇਤ ਨਾਗਰਿਕ ਨਿਵਾਸਾਂ ’ਤੇ ਬੰਬਾਰੀ ਜਾਰੀ ਰੱਖੀ ਹੋਈ ਹੈ। ਇਸ ਕਰ ਕੇ ਗਾਜ਼ਾ ਦੀ 85 ਫੀਸਦੀ ਆਬਾਦੀ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਹ ਯੁੱਧ ਕਈ ਮਹੀਨਿਆਂ ਤੱਕ ਜਾਰੀ ਰਹੇਗਾ ਕਿਉਂਕਿ ਇਹ ਹਮਾਸ ਦਾ ਖਾਤਮਾ ਕਰ ਕੇ ਹੀ ਖ਼ਤਮ ਹੋਵੇਗਾ। ਜਦਕਿ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਗਾਜ਼ਾ ਪੱਟੀ ਵਿੱਚ 7 ਅਕਤੂਬਰ ਤੋਂ ਸ਼ੁਰੂ ਹੋਈ ਲੜਾਈ ਵਿੱਚ ਪਹਿਲਾਂ ਹੀ 21,978 ਲੋਕ ਮਾਰੇ ਗਏ ਹਨ ਅਤੇ 56,967 ਲੋਕ ਜ਼ਖ਼ਮੀ ਹੋ ਗਏ ਹਨ।
ਹਮਾਸ ਬੇਸ਼ੱਕ ਇੱਕ ਇਸਲਾਮੀ ਅਤਿਵਾਦੀ ਸਮੂਹ ਹੈ ਜਿਸ ਨੂੰ ਇਰਾਨ ਅਤੇ ਖਿੱਤੇ ਦੀਆਂ ਕੁਝ ਹੋਰ ਤਾਕਤਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਵੱਲੋਂ ਆਮ ਇਜ਼ਰਾਇਲੀ ਨਾਗਰਿਕਾਂ ’ਤੇ ਹਮਲਾ ਨਾਜਾਇਜ਼ ਹੈ, ਪਰ ਇਜ਼ਰਾਇਲੀ ਫ਼ੌਜ ਵੱਲੋਂ ਫਲਸਤੀਨੀ ਨਾਗਰਿਕਾਂ, ਗਾਜ਼ਾ ਦੇ ਬੁਨਿਆਦੀ ਢਾਂਚੇ, ਰਿਹਾਇਸ਼ਾਂ, ਗਾਜ਼ਾ ਦੇ ਕੁਦਰਤੀ ਵਾਤਾਵਰਨ, ਸਰੋਤਾਂ ਅਤੇ ਜੈਵਿਕ ਵਿਭਿੰਨਤਾ ਨੂੰ ਬੇਰਹਿਮੀ ਨਾਲ ਤਬਾਹ ਕਰਨਾ ਤਾਂ ਮੁੱਢੋਂ ਹੀ ਗ਼ਲਤ ਹੈ। ਹਮਾਸ ਨੂੰ ਖ਼ਤਮ ਕਰਨ ਦੇ ਨਾਂ ’ਤੇ ਬੇਰਹਿਮੀ ਨਾਲ ਫਲਸਤੀਨੀ ਖਿੱਤੇ ਅਤੇ ਇੱਥੋਂ ਦੀ ਨਿਰਦੋਸ਼ ਆਬਾਦੀ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ।
ਇਜ਼ਰਾਇਲੀ ਫ਼ੌਜ ਅਤੇ ਸੱਤਾਧਾਰੀ ਸਿਆਸੀ ਲੀਡਰਸ਼ਿਪ ਆਪਣਾ ਗੁੱਸਾ ਉਨ੍ਹਾਂ ਲੋਕਾਂ ’ਤੇ ਕੱਢ ਰਹੀ ਹੈ, ਜਿਨ੍ਹਾਂ ਦਾ ਕਸੂਰ ਇਹ ਹੈ ਕਿ 9 ਅਕਤੂਬਰ ਨੂੰ 1200 ਇਜ਼ਰਾਇਲੀ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਹਮਾਸ ਦੇ ਸਿਪਾਹੀ ਗਾਜ਼ਾ ਪੱਟੀ ਵਿੱਚ ਲੁਕੇ ਰਹੇ ਅਤੇ ਫਲਸਤੀਨੀ ਨਾਗਰਿਕਾਂ ਨੇ ਉਨ੍ਹਾਂ ਨੂੰ ਲੁਕਣ ਦਿੱਤਾ। ਜੇ ਇਹ ਵੀ ਮੰਨ ਲਿਆ ਜਾਵੇ ਕਿ ਫਲਸਤੀਨੀ ਨਾਗਰਿਕ ਹਮਾਸ ਦੇ ਦੁਸ਼ਮਣ ਨਹੀਂ ਹਨ, ਤਾਂ ਵੀ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਉਹ ਇਜ਼ਰਾਇਲੀ ਆਬਾਦੀ ਨੂੰ ਮਾਰ ਦੇਣ ਦੇ ਹਮਾਇਤੀ ਹਨ। ਉਹ ਮਨ ਵਿੱਚ ਇਜ਼ਰਾਇਲੀ ਪ੍ਰਸ਼ਾਸਨ ਨੂੰ ਇਤਿਹਾਸਕ ਕਾਰਨਾਂ ਕਰਕੇ ਨਾਪਸੰਦ ਕਰਦੇ ਵੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਮਲੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਹਾਂ, ਫਲਸਤੀਨੀਆਂ ਦਾ ਇਜ਼ਰਾਇਲੀ ਪ੍ਰਸ਼ਾਸਨ ਪ੍ਰਤੀ ਗੁੱਸਾ ਅਤੇ ਹਮਾਸ ਦੁਆਰਾ ਹਮਲਾ ਸੰਦਰਭ ਤੋਂ ਸੱਖਣਾ ਨਹੀਂ ਹੈ।
ਹਮਾਸ ਦੁਆਰਾ ਹਮਲੇ ਦੇ ਸੰਦਰਭ ਦਾ ਜ਼ਿਕਰ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਇਜ਼ਰਾਇਲੀ ਯੁੱਧ ਰੋਕਣ ਦੀ ਅਪੀਲ ਬਿਲਕੁਲ ਸਹੀ ਹੈ: “ਫਲਸਤੀਨੀ ਲੋਕਾਂ ਨੂੰ 56 ਸਾਲਾਂ ਤੋਂ ਬੁਰੀ ਤਰ੍ਹਾਂ ਦਬਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਖਿੱਤੇ ਨੂੰ ਹਿੰਸਾਗ੍ਰਸਤ ਅਤੇ ਆਪਣੀ ਜ਼ਮੀਨ ਨੂੰ ਬਸਤੀਵਾਦੀਆਂ ਦੁਆਰਾ ਹੜੱਪ ਹੁੰਦੇ ਦੇਖਿਆ ਹੈ; ਉਨ੍ਹਾਂ ਦਾ ਅਰਥਚਾਰਾ ਠੱਪ ਹੋ ਗਿਆ ਹੈ ; ਉਨ੍ਹਾਂ ਦੇ ਲੋਕ ਉਜਾੜੇ ਅਤੇ ਘਰ ਢਾਹ ਦਿੱਤੇ ਗਏ ਹਨ। ਉਨ੍ਹਾਂ ਨੂੰ ਆਪਣੀ ਦੁਰਦਸ਼ਾ ਦੇ ਸਿਆਸੀ ਹੱਲ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਲੱਗਦੀਆਂ ਹਨ।’’
ਯੁੱਧ ਵਿੱਚ ਫਲਸਤੀਨੀ ਆਬਾਦੀ ਦੀ ਸ਼ਮੂਲੀਅਤ ਭਾਵੇਂ ਕਿਸੇ ਵੀ ਪੈਮਾਨੇ ’ਤੇ ਹੋਵੇ, ਉੱਥੋਂ ਦੇ ਨਿਵਾਸੀ ਹੋਣ ਕਰ ਕੇ ਅਣਇੱਛਤ ਅਤੇ ਮਜ਼ਲੂਮਾਂ ਵਾਲੀ ਹੈ। ਵਿਅਕਤੀਗਤ ਤੌਰ ’ਤੇ ਉਹ ਨਾ ਤਾਂ ਹਮਾਸ ਦਾ ਵਿਰੋਧ ਕਰ ਸਕਦੇ ਹਨ ਅਤੇ ਨਾ ਹੀ ਕਿਸੇ ਫ਼ੌਜ ਦਾ ਵਿਰੋਧ ਕਰ ਸਕਦੇ ਹਨ; ਅਜਿਹੀ ਸਥਿਤੀ ਵਿੱਚ ਆਮ ਨਾਗਰਿਕ ਦੋਵਾਂ ਪਾਸਿਆਂ ਤੋਂ ਦਬਾਅ ਹੇਠ ਰਹਿੰਦੇ ਹਨ। ਉੱਤਰੀ ਗਾਜ਼ਾ ਵਿੱਚੋਂ ਹਮਾਸ ਅਤਿਵਾਦੀਆਂ ਨੂੰ ਬਾਹਰ ਕੱਢਣ ਅਤੇ ਨਸ਼ਟ ਕਰਨ ਲਈ ਇਜ਼ਰਾਇਲੀ ਬਲਾਂ ਦੇ ਹਮਲੇ ਅਤੇ ਉੱਤਰੀ ਗਾਜ਼ਾ ਦੇ ਫਲਸਤੀਨੀ ਨਿਵਾਸੀਆਂ ਨੂੰ ਦੱਖਣੀ ਗਾਜ਼ਾ ਵੱਲ ਭੱਜ ਜਾਣ ਦੀ ਚਿਤਾਵਨੀ ਕਾਰਨ ਆਪਣੇ ਘਰ ਛੱਡ ਕੇ ਸ਼ਰਨਾਰਥੀ ਕੈਂਪਾਂ, ਆਸਰਾ ਘਰਾਂ ਅਤੇ ਇਜ਼ਰਾਈਲ ਦੁਆਰਾ ਨਿਰਧਾਰਤ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ, ਪਰ ਇਜ਼ਰਾਇਲੀ ਫ਼ੌਜੀ ਬਲਾਂ ਵੱਲੋਂ ਇਨ੍ਹਾਂ ਥਾਵਾਂ ਨੂੰ ਵੀ ਬੰਬਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਯੁੱਧ ਵਿੱਚ ਇਜ਼ਰਾਇਲੀ ਫ਼ੌਜ ਕਿਸੇ ਨੂੰ ਵੀ ਨਹੀਂ ਬਖ਼ਸ਼ ਰਹੀ। ਉਨ੍ਹਾਂ ਨੇ ਬੰਧਕਾਂ ਨੂੰ ਮਾਰ ਮੁਕਾਇਆ ਹੈ, ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ’ਤੇ ਹਮਲੇ ਕੀਤੇ ਹਨ। ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਮਾਨਵਤਾਵਾਦੀ ਸਹਾਇਤਾ ਲੈ ਕੇ ਜਾ ਰਹੇ ਟਰੱਕਾਂ ’ਤੇ ਹਮਲੇ ਕੀਤੇ ਹਨ ਜਿਸ ਨਾਲ ਮਨੁੱਖੀ ਸਹਾਇਤਾ ਲਈ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਫਲਸਤੀਨੀ ਰਿਹਾਇਸ਼ ਵਾਲੇ ਇਸ ਖੇਤਰ ਵਿੱਚ ਭੋਜਨ, ਪਾਣੀ, ਦਵਾਈਆਂ ਅਤੇ ਬਿਜਲੀ ਦੀ ਕਮੀ ਹੋ ਗਈ ਹੈ। ਸੰਯੁਕਤ ਰਾਸ਼ਟਰ ਸਹਾਇਤਾ ਟੀਮ ਨੂੰ ‘ਮਹੱਤਵਪੂਰਨ ਸੁਰੱਖਿਆ ਮੁਸ਼ਕਿਲਾਂ’ ਪੇਸ਼ ਆ ਰਹੀਆਂ ਹਨ। ਉਹ ਸੰਯੁਕਤ ਰਾਸ਼ਟਰ ਦੀਆਂ ਰਾਹਤ ਟੀਮਾਂ ’ਤੇ ਨਾ ਸਿਰਫ਼ ਇਸ ਲਈ ਹਮਲਾ ਕਰਦੇ ਹਨ ਕਿ ਉਹ ਨਹੀਂ ਚਾਹੁੰਦੇ ਫਲਸਤੀਨੀਆਂ ਨੂੰ ਕੋਈ ਰਾਹਤ ਸਮੱਗਰੀ ਮਿਲੇ, ਸਗੋਂ ਇਸ ਲਈ ਵੀ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਇਜ਼ਰਾਈਲ ਵੱਲੋਂ ਫਲਸਤੀਨੀ ਖਿੱਤੇ ਵਿੱਚ ਅਜਿਹੇ ਯੁੱਧ ਦਾ ਸਮਰਥਨ ਨਹੀਂ ਕਰਦੇ ਹਨ।
ਇਜ਼ਰਾਈਲ ਉੱਤੇ ‘ਗਾਜ਼ਾ ਵਿੱਚ ਫਲਸਤੀਨੀ ਲੋਕਾਂ ਵਿਰੁੱਧ ਨਸਲਕੁਸ਼ੀ ਦੀਆਂ ਕਾਰਵਾਈਆਂ ਕਰਨ’ ਦਾ ਦੋਸ਼ ਲਗਾਉਂਦੇ ਹੋਏ ਦੱਖਣੀ ਅਫ਼ਰੀਕਾ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਪਹੁੰਚ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਬ੍ਰਿਟਿਸ਼ ਰਾਜਦੂਤ ਨੇ ਕਿਹਾ ਹੈ: “ਜੇ ਅਸੀਂ ਇਸ ਮਨੁੱਖੀ ਅਤੇ ਮਨੁੱਖਤਾਵਾਦੀ ਤਬਾਹੀ ਨੂੰ ਰੋਕਣ ਲਈ ਕੁਝ ਨਹੀਂ ਕਰਦੇ ਤਾਂ ਫ਼ੌਜੀ ਹਮਲਿਆਂ, ਬਿਮਾਰੀਆਂ ਅਤੇ ਭੁੱਖਮਰੀ ਕਰਕੇ ਹੋਰ ਬਹੁਤ ਲੋਕ ਮਰ ਜਾਣਗੇ।’’ ਭਾਰਤ ਸਮੇਤ ਬਹੁਤੇ ਹੋਰ ਦੇਸ਼ਾਂ ਨੇ ਜੰਗ ਛੱਡ ਕੇ ਮਸਲੇ ਨੂੰ ਸ਼ਾਂਤੀਪੂਰਕ ਹੱਲ ਕਰਨ ਦਾ ਸਮਰਥਨ ਕੀਤਾ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਜੰਗਬੰਦੀ ਦੀ ਅੰਤਰਰਾਸ਼ਟਰੀ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਹੈ, “ਅਸੀਂ ਨਹੀਂ ਰੁਕਾਂਗੇ। ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਅਸੀਂ ਹਮਾਸ ਨੂੰ ਮਿਟਾ ਨਹੀਂ ਦਿੰਦੇ।”
ਦੂਜੇ ਪਾਸੇ ਇਜ਼ਰਾਇਲੀ ਲੀਡਰਸ਼ਿਪ ਅਤੇ ਫ਼ੌਜ ਨੂੰ ਅਮਰੀਕਾ ਵੱਲੋਂ ਖੁੱਲ੍ਹੀ ਅਤੇ ਬੇਰੋਕ ਅਸਲੇ ਦੀ ਮਦਦ ਅਤੇ ਰਾਜਨੀਤਕ ਸਮਰਥਨ ਕਰਕੇ ਇਜ਼ਰਾਲ ਪੂਰੇ ਰੋਹ ਵਿੱਚ ਹੈ। ਅਮਰੀਕੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਗਾਜ਼ਾ ਵਿੱਚ ਫੌਰੀ ਜੰਗਬੰਦੀ ਵਾਲੇ ਮਤੇ ਨੂੰ ਵੀਟੋ ਕਰਕੇ ਅਤੇ ਦੋ ਵਾਰ ਪਹਿਲਾਂ 9 ਦਸੰਬਰ ਨੂੰ ਟੈਂਕ ਗੋਲਾ ਬਾਰੂਦ ਦੀ 106 ਮਿਲੀਅਨ ਡਾਲਰ ਅਤੇ ਫਿਰ 30 ਦਸੰਬਰ ਨੂੰ 155 ਐੱਮ.ਐੱਮ. ਤੋਪਖਾਨੇ ਦੇ ਗੋਲੇ ਅਤੇ ਹੋਰ ਸਾਜ਼ੋ-ਸਾਮਾਨ ਦੀ 147.5 ਮਿਲੀਅਨ ਡਾਲਰ ਦੀ ਵਿੱਕਰੀ ਨੂੰ ਮਨਜ਼ੂਰੀ ਦੇ ਕੇ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਯੁੱਧ ਨੂੰ ਹੋਰ ਭਖਾਇਆ ਹੈ।
ਅਮਰੀਕੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਇਜ਼ਰਾਈਲ ਨੂੰ ਹਥਿਆਰਾਂ ਦੀ ਵਿੱਕਰੀ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ: ‘‘ਸੰਯੁਕਤ ਰਾਸ਼ਟਰ ਇਜ਼ਰਾਈਲ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇੱਕ ਮਜ਼ਬੂਤ ਸਵੈ-ਰੱਖਿਆ ਸਮਰੱਥਾ ਨੂੰ ਵਿਕਸਤ ਕਰਨ ਅਤੇ ਕਾਇਮ ਰੱਖਣ ਲਈ ਇਜ਼ਰਾਈਲ ਦੀ ਸਹਾਇਤਾ ਕਰਨਾ ਅਮਰੀਕੀ ਰਾਸ਼ਟਰੀ ਹਿੱਤਾਂ ਲਈ ਮਹੱਤਵਪੂਰਨ ਹੈ।’’
ਹਾਲਾਂਕਿ ਅਮਰੀਕੀ ਕੂਟਨੀਤਕ ਨੀਤੀ ਗਾਜ਼ਾ ਵਿੱਚ ਇਜ਼ਰਾਈਲ ਦੇ ਸੰਪੂਰਨ ਕੰਟਰੋਲ ਵਾਲੀ ਇੱਛਾ ਨਾਲ ਮੇਲ ਨਹੀਂ ਖਾਂਦੀ ਫਿਰ ਵੀ ਅਮਰੀਕੀ ਸਰਕਾਰ ਯੁੱਧ ਜਾਰੀ ਰੱਖਣ ਲਈ ਇਜ਼ਰਾਈਲ ਨੂੰ ਗੋਲਾ-ਬਾਰੂਦ ਵੇਚ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਅਮਰੀਕੀ ਸਮਰਥਨ ਇਜ਼ਰਾਈਲ ਪ੍ਰਤੀ ਵਚਨਬੱਧਤਾ ਨਾਲੋਂ ਜ਼ਿਆਦਾ ਇਸ ਦੇ ਭੂ-ਰਾਜਨੀਤਕ ਅਤੇ ਯੁੱਧ ਦੇ ਕਾਰੋਬਾਰੀ ਹਿੱਤਾਂ ਵੱਲ ਸੇਧਤ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਹਮਾਸ ਨੂੰ ਖ਼ਤਮ ਕਰਨ ਤੋਂ ਬਾਅਦ ਗਾਜ਼ਾ ਦੇ ਸ਼ਾਸਨ ਵਿੱਚ ਕਿਸੇ ਵੀ ਫਲਸਤੀਨੀ ਸੰਸਥਾ ਲਈ ਕਿਸੇ ਵੀ ਭੂਮਿਕਾ ਤੋਂ ਇਨਕਾਰੀ ਹੈ ਅਤੇ ਉਹ ਸੰਪੂਰਨ ਇਜ਼ਰਾਇਲੀ ਇਖਤਿਆਰ ਚਾਹੁੰਦਾ ਹੈ, ਜਦ ਕਿ ਅਮਰੀਕਾ ਦੀ ਫਲਸਤੀਨ ਸਬੰਧੀ ਐਲਾਨੀ ਪਹੁੰਚ ਇਸ ਨਾਲ ਮੇਲ ਨਹੀਂ ਖਾਂਦੀ। ਅਜਿਹੇ ਹਾਲਾਤ ਵਿੱਚ ਅਮਰੀਕਾ ਦੇ ਗੋਲਾ-ਬਾਰੂਦ ਵਪਾਰ ਅਤੇ ਦੂਜੇ ਦੇਸ਼ਾਂ ਨੂੰ ਜੰਗ ਲਈ ਹੱਲਾਸ਼ੇਰੀ ਨਾਲ ਕਮਜ਼ੋਰ ਕਰਨ ਦੇ ਹਿੱਤ ਤਾਂ ਪੂਰੇ ਹੋ ਸਕਦੇ ਹਨ, ਪਰ ਦੂਜੇ ਪਾਸੇ ਯੁੱਧ ਵਿੱਚ ਲੈਬਨਾਨ, ਸੀਰੀਆ ਅਤੇ ਈਰਾਨ ਆਦਿ ਦੇ ਸਿੱਧੇ ਸ਼ਾਮਲ ਹੋ ਜਾਣ ਨਾਲ ਬਹੁ-ਮੁਹਾਜ਼ੀ ਭਿਆਨਕ ਜੰਗ ਛਿੜ ਸਕਦੀ ਹੈ। ਇਸ ਤੋਂ ਪਹਿਲਾਂ ਕਿ ਅਜਿਹਾ ਹੋਵੇ, ਮਨੁੱਖਤਾਵਾਦੀ ਕਦਰਾਂ-ਕੀਮਤਾਂ ਅਤੇ ਸ਼ਾਂਤੀ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਗਾਜ਼ਾ ਵਿੱਚ ਜੰਗਬੰਦੀ ਅਤੇ ਮਜ਼ਬੂਤ ਦੋ-ਰਾਜੀ ਹੱਲ ਨੂੰ ‘ਟਿਕਾਊ ਸ਼ਾਂਤੀ ਦੇ ਇੱਕੋ ਇੱਕ ਮਾਰਗ’ ਲਈ ਖੜ੍ਹੇ ਹੋਣਾ ਚਾਹੀਦਾ ਹੈ।
*ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਸੰਪਰਕ: 94642-25655