For the best experience, open
https://m.punjabitribuneonline.com
on your mobile browser.
Advertisement

ਫਰਨੀਚਰ ਮਾਰਕੀਟ ਨੇੜਿਓਂ ਕਬਜ਼ੇ ਹਟਾਏ

06:52 AM Jul 01, 2024 IST
ਫਰਨੀਚਰ ਮਾਰਕੀਟ ਨੇੜਿਓਂ ਕਬਜ਼ੇ ਹਟਾਏ
ਸਰਕਾਰੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਪ੍ਰਸ਼ਾਸਨ ਅਤੇ ਨਿਗਮ ਦੇ ਅਧਿਕਾਰੀ। -ਫੋਟੋ: ਪ੍ਰਦੀਪ ਤਿਵਾੜੀ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨਗਰ ਨਿਗਮ ਵੱਲੋਂ ਅੱਜ ਸਾਂਝੀ ਕਾਰਵਾਈ ਕਰਦਿਆਂ ਇੱਥੋਂ ਦੇ ਸੈਕਟਰ-54 ਸਥਿਤ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਾਰਕੀਟ ਦੇ ਨਾਲ ਲੱਗਦੀ ਖਾਲੀ ਸਰਕਾਰੀ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਹਟਾਏ ਗਏ। ਇਸ ਮੌਕੇ ਭਾਰੀ ਪੁਲੀਸ ਫੋਰਸ ਤਾਇਨਾਤ ਸੀ ਅਤੇ ਕਾਰਵਾਈ ਸ਼ਾਂਤੀਪੂਰਵਕ ਰਹੀ।
ਨਿਗਮ ਦੇ ਐਨਫੋਰਸਮੈਂਟ ਵਿਭਾਗ ਦੇ ਇੰਸਪੈਕਟਰ ਅਵਤਾਰ ਸਿੰਘ ਗੋਰੀਆ ਅਤੇ ਡੀਪੀ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਨੇ ਪ੍ਰਸ਼ਾਸਨ ਦੇ ਅਸਟੇਟ ਦਫ਼ਤਰ ਵਿਭਾਗ ਨਾਲ ਮਿਲ ਕੇ ਅੱਜ ਸਵੇਰੇ 7 ਵਜੇ ਇੱਥੋਂ ਦੀ ਫਰਨੀਚਰ ਮਾਰਕੀਟ ਵਿੱਚ ਦੁਕਾਨਦਾਰਾਂ ਵਲੋਂ ਫਰਨੀਚਰ ਮਾਰਕੀਟ ਨਾਲ ਖਾਲੀ ਪਈ ਜ਼ਮੀਨ ਤੋਂ ਕਬਾੜ ਤੇ ਹੋਰ ਸਾਮਾਨ ਹਟਾਉਣ ਦੀ ਕਾਰਵਾਈ ਸ਼ੁਰੂ ਜੋ ਲਗਪਗ ਪੰਜ ਘੰਟੇ ਜਾਰੀ ਰਹੀ। ਇਸ ਦੌਰਾਨ ਕਬਾੜ ਨੂੰ ਜ਼ਬਤ ਕਰ ਕੇ ਵੀਹ ਟਰੱਕਾਂ ਵਿੱਚ ਭਰ ਕੇ ਪ੍ਰਸ਼ਾਸਨ ਦੇ ਗੋਦਾਮ ਵਿੱਚ ਭੇਜ ਦਿੱਤਾ ਗਿਆ।
ਚੰਡੀਗੜ੍ਹ ਪ੍ਰਸ਼ਾਸਨ ਦੇ ਤਹਿਸੀਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਜ਼ਮੀਨ ਖਾਲੀ ਕਰਨ ਤੋਂ ਬਾਅਦ ਇਸ ’ਤੇ ਮੁੜ ਕਬਜ਼ਾ ਨਾ ਕਰਨ ਲਈ ਬੈਰੀਕੇਡ ਲਗਾਇਆ ਜਾ ਰਿਹਾ ਹੈ। ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਾਰਕੀਟ ਦੇ ਨਾਲ ਲੱਗਦੀ ਖਾਲੀ ਪਈ ਜ਼ਮੀਨ ’ਤੇ ਕਬਾੜ ਸੁੱਟ ਕੇ ਕਬਜ਼ੇ ਤੋਂ ਮੁਕਤ ਕਰਵਾਈ ਗਈ ਜ਼ਮੀਨ ਦੀ ਕੀਮਤ ਕਰੀਬ 200 ਕਰੋੜ ਰੁਪਏ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਕੋਰਟ ਦੇ ਹੁਕਮਾਂ ’ਤੇ ਪ੍ਰਸ਼ਾਸਨ ਵੱਲੋਂ ਇੱਥੇ ਸੈਕਟਰ-53 ਤੇ 54 ਨੂੰ ਵੰਡਦੀ ਸੜਕ ਦੇ ਕਿਨਾਰੇ ਬਣੀ ਆਰਜ਼ੀ ਫਰਨੀਚਰ ਮਾਰਕੀਟ ਨੂੰ ਹਟਾਉਣ ਲਈ 28 ਤਰੀਕ ਦੀ ਮੁਹਲਤ ਦਿੱਤੀ ਹੋਈ ਸੀ। ਇਸ ਤੋਂ ਦੁਕਾਨਦਾਰ ਰੋਹ ਵਿੱਚ ਆ ਗਏ ਸਨ। ਸ਼ਹਿਰ ਦੀਆਂ ਰਾਜਨੀਤਕ ਪਾਰਟੀਆਂ ਸਣੇ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਮਾਰਕੀਟ ਹਟਾਉਣ ਤੋਂ ਪਹਿਲਾਂ ਕਿਸੇ ਹੋਰ ਜਗ੍ਹਾ ਮੁੜ ਵਸੇਬੇ ਸਕੀਮ ਤਹਿਤ ਸ਼ਿਫਟ ਕਰਨ ਦੀ ਅਪੀਲ ਕੀਤੀ ਸੀ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਤੋਂ ਉਨ੍ਹਾਂ ਵੱਲੋਂ ਕੁਝ ਜ਼ਰੂਰੀ ਜਾਣਕਾਰੀ ਦੇਣ ਲਈ ਜਵਾਬ ਮੰਗਿਆ ਸੀ ਜਿਸ ਨੂੰ ਲੈ ਕੇ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣੇ ਜਵਾਬ ਪ੍ਰਸ਼ਾਸਨ ਕੋਲ ਦਾਖ਼ਲ ਕਰਵਾ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਵੱਲੋਂ ਦਾਖ਼ਲ ਜਵਾਬਾਂ ਦੀ ਪੜਚੋਲ ਕਰਨ ਤੱਕ ਇਸ ਮਾਰਕੀਟ ਨੂੰ ਹਟਾਉਣ ਦਾ ਫ਼ੈਸਲਾ ਟਾਲ ਦਿੱਤਾ ਸੀ। ਪਰ ਅੱਜ ਪ੍ਰਸ਼ਾਸਨ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਇੱਕ ਸਾਂਝੀ ਮੁਹਿੰਮ ਚਲਾ ਕੇ ਇੱਥੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਖਾਲੀ ਜ਼ਮੀਨ ’ਤੇ ਕੀਤੇ ਕਬਜ਼ਿਆਂ ਨੂੰ ਹਟਾ ਦਿੱਤਾ।
ਦੂਜੇ ਪਾਸੇ, ਚੰਡੀਗੜ੍ਹ ਕਾਂਗਰਸ ਨੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਭਾਜਪਾ ’ਤੇ ਚੰਡੀਗੜ੍ਹ ਦੇ ਲੋਕਾਂ ਨਾਲ ਸਸਤੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਕੁਝ ਆਗੂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਕਾਂਗਰਸ ਸੈਕਟਰ 53/54 ਫਰਨੀਚਰ ਮਾਰਕੀਟ ਨੂੰ ਜਬਰੀ ਹਟਾਉਣ ਦਾ ਸਖ਼ਤ ਵਿਰੋਧ ਕਰਦੀ ਹੈ। ਚੰਡੀਗੜ੍ਹ ਦੇ ਲੋਕਾਂ ਦੀ ਹਾਲਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਫਰਨੀਚਰ ਮਾਰਕੀਟ ਵੀ ਹਟਣ ਦੀ ਸੰਭਾਵਨਾ ਹੈ। ਚੰਡੀਗੜ੍ਹ ਕਾਂਗਰਸ ਨੇ ਪ੍ਰਸ਼ਾਸਨ ਨੂੰ ਫਰਨੀਚਰ ਦੀਆਂ ਦੁਕਾਨਾਂ ਲਈ ਬਦਲਵੀਂ ਜਗ੍ਹਾ ਅਲਾਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮਾਰੂ ਫ਼ੈਸਲੇ ਨੂੰ ਲਾਗੂ ਕਰਨ ਨਾਲ ਵਪਾਰ ਨੂੰ ਭਾਰੀ ਨੁਕਸਾਨ ਹੋਵੇਗਾ ਤੇ ਹਜ਼ਾਰਾਂ ਮਜ਼ਦੂਰਾਂ ਦੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ।

Advertisement

Advertisement
Author Image

Advertisement
Advertisement
×