ਜ਼ਮੀਨ ’ਤੇ ਕਬਜ਼ਾ: ਕਿਸਾਨਾਂ ਵੱਲੋਂ ਕੋਟਕਪੂਰਾ ਥਾਣੇ ਦਾ ਘਿਰਾਓ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 12 ਨਵੰਬਰ
ਇੱਕ ਕਿਸਾਨ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ, ਸਫ਼ੈਦ ਦੇ ਦਰਖੱਤ ਚੋਰੀ ਕਰਨ ਅਤੇ ਜ਼ਮੀਨ ਵਿੱਚ ਬਣਾਈ ਧਾਰਮਿਕ ਜਗ੍ਹਾ ਨੂੰ ਢਾਉਣ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਕੋਟਕਪੂਰਾ ਸਿਟੀ ਥਾਣੇ ਦਾ ਘਿਰਾਓ ਕੀਤਾ ਗਿਆ। ਮਹਿਲਾ ਕਿਸਾਨ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਉਹ ਲੰਘੇ ਚਾਰ ਦਿਨ ਪਹਿਲਾਂ ਆਪਣੀ ਸ਼ਿਕਾਇਤ ਲੈਣ ਕੇ ਥਾਣਾ ਸਿਟੀ ਵਿਚ ਗਏ ਸਨ ਪਰ ਉਥੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਇਹ ਕਹਿ ਭੇਜ ਦਿੱਤਾ ਸੀ ਕਿ ਉਸ ਐਫ਼ਆਈਆਰ ਨਹੀਂ ਬਣਦੀ। ਜਾਣਕਾਰੀ ਮੁਤਾਬਕ ਇਸ ਸਬੰਧੀ ਵਿੱਚ ਕਿਸਾਨ ਜਥੇਬੰਦੀਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਾਰਵਾਈ ਕਰਨ ਲਈ ਸਮਾਂ ਦਿੱਤਾ ਸੀ ਪਰ ਸਮੇਂ ’ਤੇ ਕਾਰਵਾਈ ਨਾ ਹੋਣ ਮਗਰੋਂ ਰੋਸ ਵਿੱਚ ਆਏ ਕਿਸਾਨਾਂ ਨੇ ਥਾਣੇ ਦਾ ਘਿਰਾਓ ਕੀਤਾ। ਕਿਸਾਨ ਅਮਰਜੀਤ ਕੌਰ ਮੁਤਾਬਕ ਸਥਾਨਕ ਹੀਰਾ ਸਿੰਘ ਨਗਰ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਨਾਲ ਉਸ ਕੋਲ ਇੱਕ ਪਲਾਟ ਹੈ। ਪਲਾਟ ਦੀ ਰਜਿਸਟਰੀ ਰਜਿਸਟਰਾਰ ਕੋਟਕਪੂਰਾ ਦਫ਼ਤਰ ਵਿਚ 2646 ਅਤੇ ਇੰਤਕਾਲ ਨੰਬਰ 6139 ਤਹਿਤ ਦਰਜ ਹੋਇਆ ਹੈ। ਉਸ ਨੇ ਆਪਣੀ ਜਗ੍ਹਾ ਵਿੱਚ ਇੱਕ ਕਮਰਾ, ਧਾਰਮਿਕ ਜਗ੍ਹਾ ਅਤੇ ਸਫੈਦੇ ਦੇ ਦਰੱਖਤ ਲਾਏ ਸਨ। ਲੰਘੀ 9 ਤਾਰੀਕ ਨੂੰ ਸਮਾਂ ਸਵੇਰ ਦਸ ਵਜੇ 50-60 ਵਿਅਕਤੀਆਂ ਨੇ ਉਸ ਦੇ ਪਲਾਟ ਵਿੱਚ ਦਾਖ਼ਲ ਹੋ ਕੇ ਉਸ ਦੇ ਸਫ਼ੈਦੇ ਦੇ ਦਰੱਖਤ ਚੋਰੀ ਕਰ ਲਏ ਅਤੇ ਕਮਰਾ, ਧਾਰਮਿਕ ਜਗ੍ਹਾ ਢਾਅ ਦਿੱਤੀ। ਕਬਜ਼ਾ ਕਰਨ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।
ਮਾਮਲੇ ਦੀ ਪੜਤਾਲ ਕਰ ਰਹੇ ਹਾਂ: ਥਾਣਾ ਮੁਖੀ
ਕੋਟਕਪੂਰਾ ਥਾਣਾ ਸਿਟੀ ਦੇ ਐੱਸਐੱਚਓ ਮਨੋਜ ਕੁਮਾਰ ਨੇ ਆਖਿਆ ਕਿ ਪੁਲੀਸ ਤੱਥਾਂ ਦੀ ਪੜਤਾਲ ਕਰ ਰਹੀ ਹੈ। ਪੜਤਾਲ ਮੁਕੰਮਲ ਹੋਣ ’ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ।