ਪਟਾਕੇ ਵੇਚਣ ਲਈ ਅਲਾਟ ਥਾਵਾਂ ’ਤੇ ਗ਼ੈਰਲਾਇਸੈਂਸ ਧਾਰਕਾਂ ਵੱਲੋਂ ਕਬਜ਼ਾ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 28 ਅਕਤੂਬਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਾਰਕੀਟਾਂ ਵਿੱਚ ਪੂਰੀ ਚਹਿਲ-ਪਹਿਲ ਹੈ। ਪਟਾਕਿਆਂ ਦੀ ਵਿੱਕਰੀ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਕਰੀਬ 14 ਵਿਅਕਤੀਆਂ ਨੂੰ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ ਪਰ ਫੇਜ਼-8 ਵਿੱਚ ਪਟਾਕਿਆਂ ਦੀ ਵਿੱਕਰੀ ਲਈ ਅਲਾਟ ਕੀਤੀ ਥਾਂ ਉੱਤੇ ਕੁੱਝ ਬਿਨਾਂ ਲਾਇਸੈਂਸ ਵਾਲੇ ਵਿਅਕਤੀਆਂ ਨੇ ਟੈਂਟ ਲਗਾ ਕੇ ਕਥਿਤ ਕਬਜ਼ੇ ਕਰ ਲਏ ਹਨ। ਇਸ ਸਬੰਧੀ ਲਾਇਸੈਂਸ ਧਾਰਕ ਰਵਿੰਦਰਪਾਲ ਸਿੰਘ, ਸ਼ਹਿਰੀਨ, ਰੋਹਿਤ ਕੁਮਾਰ, ਕਿਰਨਦੀਪ ਕੌਰ, ਦਮਨਦੀਪ ਸਿੰਘ, ਹਰਕਮਲ ਪ੍ਰੀਤ ਕੌਰ, ਅਮਨਦੀਪ ਸਿੰਘ ਅਤੇ ਹੋਰਨਾਂ ਨੇ ਮੁਹਾਲੀ ਦੀ ਡੀਸੀ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਉਹ ਜਦੋਂ ਅਲਾਟ ਕੀਤੀ ਜਗ੍ਹਾ ’ਤੇ ਆਪਣਾ ਟੈਂਟ ਲਗਾਉਣ ਗਏ ਤਾਂ ਉੱਥੇ ਪਹਿਲਾਂ ਹੀ ਕਈ ਹੋਰ ਵਿਅਕਤੀ ਟੈਂਟ ਲਗਾ ਕੇ ਬੈਠੇ ਸਨ। ਉਨ੍ਹਾਂ ਵਿਅਕਤੀਆਂ ਨੇ ਟੈਂਟ ਲਗਾਉਣ ਤੋਂ ਰੋਕਿਆ ਅਤੇ ਗਾਲੀ ਗਲੋਚ ਤੇ ਝਗੜਾ ਕੀਤਾ। ਪੀੜਤਾਂ ਨੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਅਲਾਟ ਕੀਤੀ ਜਗ੍ਹਾ ਉੱਤੇ ਤਰਤੀਬਵਾਰ 14 ਟੈਂਟ ਲਗਵਾਏ ਜਾਣ ਅਤੇ ਉੱਥੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ।
ਇਸ ਸਬੰਧੀ ਡੀਸੀ ਆਸ਼ਿਕਾ ਜੈਨ ਨੇ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਸਮਰੱਥ ਅਧਿਕਾਰੀ ਨੂੰ ਮੌਕੇ ’ਤੇ ਭੇਜ ਕੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਬਿਨਾਂ ਲਾਇਸੈਂਸ ਤੋਂ ਟੈਂਟ ਲਗਾ ਕੇ ਬੈਠੇ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।