ਡੀਸੀ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਮੁਫ਼ਤ ਪਨੀਰੀ ਵੰਡਣ ਵਾਲੇ ਕਿਸਾਨ ਦੀ ਹੌਸਲਾ-ਅਫ਼ਜ਼ਾਈ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਅਗਸਤ
ਬੀਤੇ ਦਿਨਾਂ ਵਿਚ ਭਾਰੀ ਬਰਸਾਤ ਨਾਲ ਨੀਵੇਂ ਇਲਾਕਿਆਂ ਵਿਚ ਮਾਰੀ ਗਈ ਝੋਨੇ ਦੀ ਫ਼ਸਲ ਦੀ ਦੁਬਾਰਾ ਬਿਜਾਈ ਲਈ 200 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਤਿਆਰ ਕਰਨ ਵਾਲੇ ਕਿਸਾਨ ਹਰਜੀਤ ਸਿੰਘ ਨੂੰ ਸ਼ਾਬਾਸ਼ ਦੇਣ ਲਈ ਡੀਸੀ ਅਮਿਤ ਤਲਵਾੜ ਉਸ ਦੇ ਪਿੰਡ ਖੱਬੇ ਰਾਜਪੂਤਾਂ ਪੁੱਜੇ।
ਡਿਪਟੀ ਕਮਿਸ਼ਨਰ ਨੇ ਕਿਸਾਨ ਦੀ ਸਿਫ਼ਤ ਕਰਦਿਆਂ ਕਿਹਾ ਕਿ ਸੰਕਟ ਦੇ ਸਮੇਂ ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਇਕ-ਦੂਸਰੇ ਦਾ ਦੁੱਖ ਵੰਡਾਇਆ ਹੈ, ਉਹ ਸਮੁੱਚੇ ਦੇਸ਼ ਲਈ ਮਿਸਾਲ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਧਿਕਾਰੀ ਸ੍ਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਪੈਦਾ ਹੋਈ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਚੇਅਰਮੈਨ ਗੁਰਵਿੰਦਰ ਸਿੰਘ ਮਹਿਤਾ ਦੇ ਯਤਨਾਂ ਨਾਲ ਵਿਭਾਗ ਨੇ ਇਸ ਕਿਸਾਨ ਦੇ ਖੇਤਾਂ ਵਿਚ ਝੋਨੇ ਦੀਆਂ ਦੇਰੀ ਨਾਲ ਲੱਗਣ ਵਾਲੀਆਂ ਕਿਸਮਾਂ 1509 ਅਤੇ 1121 ਦੀ 200 ਏਕੜ ਰਕਬੇ ਵਾਸਤੇ ਪਨੀਰੀ ਤਿਆਰ ਕਰਵਾਈ, ਜੋ ਕਿ ਹੁਣ ਉਨ੍ਹਾਂ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ, ਜਿੰਨਾ ਦੀ ਫ਼ਸਲ ਮੀਂਹ ਨਾਲ ਖ਼ਰਾਬ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਲਈ ਅੰਮ੍ਰਿਤਸਰ ਦੀ ਸੀਡ ਐਸੋਸੀਏਸ਼ਨ ਨੇ ਵੀ ਸਾਡਾ ਸਾਥ ਦਿੱਤਾ ਤੇ 7 ਕੁਇੰਟਲ ਬੀਜ ਇਸ ਪਨੀਰੀ ਲਈ ਦਿੱਤਾ।
ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜਿਸ ਵੀ ਕਿਸਾਨ ਨੂੰ ਇਹ ਪਨੀਰੀ ਚਾਹੀਦੀ ਹੋਵੇ ਉਹ ਆਪਣੇ ਇਲਾਕੇ ਦੇ ਖੇਤੀ ਅਧਿਕਾਰੀ ਨਾਲ ਗੱਲ ਕਰੇ।