ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ
ਫਰਿੰਦਰ ਗੁਲਿਆਣੀ
ਨਰਾਇਣਗੜ੍ਹ, 7 ਫਰਵਰੀ
ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਰਾਇਣਗੜ੍ਹ ਵਿੱਚ ਗ੍ਰੈਂਡ ਪੇਰੈਂਟਸ ਡੇਅ ਮੌਕੇ ‘ਵਿਰਾਸਤ’ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਆਕਰਸ਼ਕ ਪੇਸ਼ਕਾਰੀਆਂ ਦਿੱਤੀਆਂ। ਸਮਾਗਮ ਵਿੱਚ ਸਾਰੇ ਬੱਚਿਆਂ ਦੇ ਦਾਦਾ-ਦਾਦੀ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ਵਿੱਚ ਹਾਜ਼ਰ ਸਭ ਤੋਂ ਬਜ਼ੁਰਗ ਦਾਦਾ-ਦਾਦੀ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਦੀਪ ਰੌਸ਼ਨ ਕਰ ਕੇ ਕੀਤੀ ਗਈ। ਵੱਖ-ਵੱਖ ਆਕਰਸ਼ਕ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਦਾਦਾ-ਦਾਦੀ ਨਾਲ ਸਬੰਧਤ ਡਾਂਸ, ਰਾਜਸਥਾਨੀ ਲੋਕ ਗੀਤ, ਸ਼ਿਵ ਤਾਂਡਵ, ਪੰਜਾਬੀ ਭੰਗੜਾ, ਝਾਂਸੀ ਕੀ ਰਾਣੀ ਅਤੇ ਕੱਵਾਲੀ ਸ਼ਾਮਲ ਸਨ। ਇਸ ਦੌਰਾਨ ਛੋਟੇ ਬੱਚਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਯੂਕੇਜੀ ਦੀ ਬੱਚੀ ਮੰਨਤ ਨੇ ਕਵਿਤਾ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ। ਪ੍ਰਿੰਸੀਪਲ ਡਾ. ਆਰਪੀ ਰਾਠੀ ਨੇ ਸਮਾਗਮ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਾਦਾ-ਦਾਦੀ ਨਵੀਆਂ ਪੀੜ੍ਹੀਆਂ ਦੇ ਮਾਰਗ ਦਰਸ਼ਕ ਹੁੰਦੇ ਹਨ। ਸਾਨੂੰ ਆਪਣੇ ਪਰਿਵਾਰ ਵਿੱਚ ਬਜ਼ੁਰਗਾਂ ਨੂੰ ਸਮਾਂ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਇਸੇ ਸਕਾਰਾਤਮਕ ਸੋਚ ਦੇ ਨਾਲ ਅੱਜ ਦਾਦਾ-ਦਾਦੀ ਦਿਵਸ ਮਨਾਇਆ ਗਿਆ ਅਤੇ ਡੀਏਵੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ’ਤੇ ਜ਼ੋਰ ਦਿੱਤਾ। ਸ੍ਰੀਮਤੀ ਨਿਰਮਲਾ ਧੀਮਾਨ ਨੇ ਸਾਰੇ ਮਾਪਿਆਂ ਦਾ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।