ਲੋਕਤੰਤਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਮਾਰਚ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵੋਟਿੰਗ ਵਾਲੇ ਦਿਨ ਪਹਿਲੀ ਜੂਨ ਨੂੰ ਆਪਣੇ ਨੇੜੇ ਦੇ ਬੂਥ ਵਿੱਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ। ਡਿਪਟੀ ਕਮਿਸ਼ਨਰ ਸਾਹਨੀ ਨੇ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਆਪਣੀ ਵੋਟ ਹੀ ਨਹੀਂ ਪਾਉਣੀ ਚਾਹੀਦੀ ਸਗੋਂ ਦੂਜਿਆਂ ਨੂੰ ਵੀ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪੀਏਯੂ ਵਿੱਚ ਚੱਲ ਰਹੇ ਯੁਵਕ ਮੇਲੇ ’ਚ ਪਹੁੰਚੇ ਡੀਸੀ ਸਾਕਸ਼ੀ ਨੇ ਬਾਅਦ ਵਿੱਚ ਹਾਜ਼ਰੀਨ ਨੂੰ ਲੋਕ-ਸਭਾ ਚੋਣ ਵਿੱਚ ਵੋਟ ਪਾਉਣ ਲਈ ਸਹੁੰ ਵੀ ਚੁਕਾਈ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਨੌਜਵਾਨ ਚੋਣ ਪ੍ਰਕਿਰਿਆ ਵਿੱਚ ਕਿੰਨੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਨੌਜਵਾਨ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨਵੀਐਸਪੀ) ਅਤੇ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਕਰ ਕੇ ਆਪਣੇ ਕੰਪਿਊਟਰ ਜਾਂ ਮੋਬਾਈਲ ’ਤੇ ਇਕ ਕਲਿੱਕ ਰਾਹੀਂ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰਡ ਹੋਣ ਲਈ www.nvsp.in ਲਿੰਕ ’ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਉਹ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰਾਇਡ ਫੋਨ ’ਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ ਤਾਂ ਜੋ ਵੋਟਰ ਵਜੋਂ ਰਜਿਸਟ੍ਰੇਸ਼ਨ ਕੀਤੀ ਜਾ ਸਕੇ।