ਨਵੀਂ ਪੀੜ੍ਹੀ ਨੂੰ ਸੱਭਿਆਚਾਰ ਅਤੇ ਮਾਤ ਭਾਸ਼ਾ ਨਾਲ ਜੁੜਨ ਲਈ ਪ੍ਰੇਰਿਆ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 7 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਅਜੋਕੀ ਸਿੱਖਿਆ ਨੀਤੀ ਅਤੇ ਮਾਤ ਭਾਸ਼ਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਸ਼ਾਇਰ ਦੇਵ ਦਰਦ ਅਤੇ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਇਸ ਵਿੱਚ ਵਿਦਵਾਨਾਂ ਦੀ ਸਾਂਝੀ ਰਾਏ ਸੀ ਕਿ ਖਿੱਤੇ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਵਿਰਸੇ ਅਤੇ ਮਾਤ ਭਾਸ਼ਾ ਨਾਲ ਜੁੜੇ ਰਹਿਣ ਲਈ ਪ੍ਰੇਰਿਆ।
ਇਸ ਸਮਾਗਮ ਦਾ ਆਗਾਜ਼ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸ਼ੁਸੀਲ ਦੁਸਾਂਝ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦੋਂਕਿ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਤਫਸ਼ੀਲ ਦੱਸੀ।
ਭਾਸ਼ਾ ਵਿਗਿਆਨੀ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੀ ਸਿੱਖਿਆ ਨੀਤੀ ਕਾਰੋਬਾਰੀ ਘਰਾਣਿਆਂ ਦੇ ਹੱਕ ਵਿੱਚ ਭੁਗਤਦੀ ਹੈ। ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਇਸ ਨੀਤੀ ਤਹਿਤ ਰਾਜਾਂ ਦੇ ਅਧਿਕਾਰਾਂ ਨੂੰ ਹੋਰ ਢਾਹ ਲੱਗੇਗੀ।
ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਬਣਦਾ ਮਾਣ-ਤਾਣ ਦੇਣ ਲਈ ਸੁਹਿਰਦ ਹੋਣ ਦੀ ਲੋੜ ਹੈ। ਕੇਵਲ ਧਾਲੀਵਾਲ, ਡਾ. ਪਰਮਿੰਦਰ, ਮੱਖਣ ਕੁਹਾੜ, ਡਾ. ਲੇਖ ਰਾਜ, ਡਾ. ਬਲਜੀਤ ਸਿੰਘ ਢਿੱਲੋਂ ਤੇ ਡਾ. ਇਕਬਾਲ ਕੌਰ ਸੌਂਦ ਨੇ ਕਿਹਾ ਕਿ ਮਾਤ ਭਾਸਾ ਨੂੰ ਬਚਾਉਣ ਲਈ ਸਾਨੂੰ ਚੌਕਸ ਹੋ ਕੇ ਯਤਨ ਕਰਨੇ ਪੈਣਗੇ। ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਤੀਸ਼ ਗੁਲਾਟੀ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਡਾ ਗੁਰਬੀਰ ਬਰਾੜ, ਮੰਗਲ ਟਾਂਡਾ, ਸਤਿੰਦਰ ਓਠੀ, ਡਾ. ਭੁਪਿੰਦਰ ਸਿੰਘ ਫੇਰੂਮਾਨ, ਡਾ. ਹਜ਼ਾਰਾ ਸਿੰਘ ਚੀਮਾ ਆਦਿ ਹਾਜ਼ਰ ਸਨ।