ਕੇਪੀ ਸਿੰਘਗੁਰਦਾਸਪੁਰ, 21 ਮਈਸਰਹੱਦੀ ਪਿੰਡ ਦੋਸਤਪੁਰ ਨੇੜੇ ਇੱਕ ਗੈਂਗਸਟਰ ਪੁਲੀਸ ਦੀ ਜਵਾਬੀ ਕਾਰਵਾਈ ਨਾਲ ਗੋਲੀਆਂ ਨਾਲ ਜ਼ਖ਼ਮੀ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ, ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ। ਪੁਲੀਸ ਕਾਫ਼ੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ ।ਮੌਕੇ ’ਤੇ ਪਹੁੰਚੇ ਐਸੱਐੱਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸਤਪੁਰ ਰੋਡ ’ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ, ਸਾਹਮਣੇ ਤੋਂ ਮੋਟਰਸਾਈਕਲ ’ਤੇ ਜਸਪਾਲ ਸਿੰਘ ਉਰਫ਼ ਜੱਸੀ ਨਾਮ ਦਾ ਗੈਂਗਸਟਰ ਆ ਰਿਹਾ ਸੀ। ਜਦੋਂ ਪੁਲੀਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਆਪਣੀ ਮੋਟਰਸਾਈਕਲ ’ਤੇ ਭੱਜਣ ਲੱਗ ਪਿਆ। ਜਦੋਂ ਪੁਲੀਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਆਪਣੀ 30 ਬੋਰ ਪਿਸਤੌਲ ਨਾਲ ਪੁਲੀਸ ’ਤੇ ਗੋਲੀਬਾਰੀ ਕਰ ਦਿੱਤੀ। ਇੱਕ ਗੋਲੀ ਪੁਲੀਸ ਦੀ ਗੱਡੀ ਨੂੰ ਲੱਗੀ ਅਤੇ ਇੱਕ ਗੋਲੀ ਖੁੰਝ ਗਈ। ਫਿਰ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ’ਤੇ ਗੋਲੀ ਵੀ ਚਲਾਈ, ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਹੋਣ ਕਾਰਨ ਉਸ ਦਾ ਮੋਟਰਸਾਈਕਲ ਸੜਕ ’ਤੇ ਡਿੱਗ ਗਿਆ। ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਉਸ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਗਿਆ। ਜ਼ਖ਼ਮੀ ਜਸਪਾਲ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਐਸੱਐੱਸਪੀ ਗੁਰਦਾਸਪੁਰ ਨੇ ਕਿਹਾ ਕਿ ਇਸ ਮੁਲਜ਼ਮ ਖ਼ਿਲਾਫ਼ ਕਿੰਨੇ ਮਾਮਲੇ ਦਰਜ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।