ਰੁਜ਼ਗਾਰ ਮੇਲਾ: 170 ਨੌਜਵਾਨਾਂ ਦੀ ਨੌਕਰੀ ਲਈ ਚੋਣ
ਪੱਤਰ ਪ੍ਰੇਰਕ
ਮਾਨਸਾ, 7 ਜੂਨ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ। ਮੇਲੇ ਦੌਰਾਨ ਟ੍ਰਾਈਡੈਂਟ, ਐਲ.ਆਈ.ਸੀ, ਚੈਕਮੇਟ ਸਕਿਉਰਟੀ ਸਰਵਿਸਿਜ਼, ਸੱਤਿਆ ਮੈਕਰੋ ਕੈਪੀਟਲ ਅਤੇ ਹੋਰ ਨਾਮੀ ਕੰਪਨੀਆਂ ਵੱਲੋਂ 170 ਪ੍ਰਾਰਥੀਆਂ ਦੀ ਚੋਣ ਕੀਤੀ ਗਈ ਹੈ। ਰੁਜ਼ਗਾਰ ਮੇਲੇ ਦੌਰਾਨ ਸਹਾਇਕ ਕਮਿਸ਼ਨਰ (ਜ) ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿਚ 400 ਬੇਰੁਜ਼ਗਾਰ ਪ੍ਰਾਰਥੀਆਂ ਨੇ ਭਾਗ ਲਿਆ। ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ ਨੇ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ।
ਅੰਗਹੀਣਾਂ ਵੱਲੋਂ ਪ੍ਰਬੰਧਾਂ ਵਿੱਚ ਘਾਟ ਦੇ ਦੋਸ਼
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਇਥੇ ਰੁਜ਼ਗਾਰ ਮੇਲੇ ‘ਚ ਪੁੱਜੇ ਅੰਗਹੀਣਾਂ ਨੇ ਪ੍ਰਬੰਧਕਾਂ ‘ਤੇ ਉਨ੍ਹਾਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਨਾ ਕਰਨ ਦਾ ਦੋਸ਼ ਲਾਇਆ। ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੇ ਆਗੂ ਲੱਖਾ ਸਿੰਘ ਸੰਘਰ, ਅਜੈ ਕੁਮਾਰ ਸਾਂਸੀ, ਕਿਰਨਜੀਤ ਕੌਰ, ਜੱਸੀ ਕੌਰ ਆਦਿ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣਾ ਗਿਲ਼ਾ ਮੌਕੇ ‘ਤੇ ਮੌਜੂਦ ਅਧਿਕਾਰੀ ਕੋਲ ਰੱਖਿਆ ਤਾਂ ਉਨ੍ਹਾਂ ਊਣਤਾਈਆਂ ਰਹਿਣ ‘ਤੇ ਅਫਸੋਸ ਜ਼ਾਹਿਰ ਕਰਦਿਆਂ, ਅੰਗਹੀਣਾਂ ਲਈ ਦੋ ਹਫ਼ਤੇ ਅਟਕ ਕੇ ਵੱਖਰਾ ਰੁਜ਼ਗਾਰ ਕੈਂਪ ਲਾਏ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਕੈਂਪ ‘ਚ ਅੰਗਹੀਣਾਂ ਦੇ ਬੈਠਣ ਅਤੇ ਫਾਰਮ ਭਰਨ ਲਈ ਵੱਖਰਾ ਪ੍ਰਬੰਧ ਨਹੀਂ ਸੀ।