ਕਰਮਚਾਰੀਆਂ ਨੂੰ ਹਰ ਮਹੀਨੇ ਦੀ 5 ਤਾਰੀਖ਼ ਨੂੰ ਤਨਖ਼ਾਹ ਅਤੇ 10 ਨੂੰ ਪੈਨਸ਼ਨ ਮਿਲੇਗੀ: ਸੁਖਵਿੰਦਰ ਸੁੱਖੂ
ਸ਼ਿਮਲਾ, 4 ਸਤੰਬਰ
Himachal News: ਮਹੱਤਵਪੂਰਨ ਵੋਟ ਬੈਂਕ ਸਰਕਾਰੀ ਕਰਮਚਾਰੀਆਂ ਦੀ ਆਲੋਚਨਾ ਅਤੇ ਅਸਹਿਮਤੀ ਦਾ ਸਾਹਮਣਾ ਕਰਦਿਆਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੂੰ ਦੱਸਿਆ ਕਿ ਮੁਲਾਜ਼ਮਾਂ ਨੂੰ 5 ਸਤੰਬਰ ਨੂੰ ਤਨਖਾਹਾਂ ਮਿਲਣਗੀਆਂ ਅਤੇ 10 ਸਤੰਬਰ ਨੂੰ ਪੈਨਸ਼ਨ ਜਾਰੀ ਹੋ ਜਾਵੇਗੀ। ਉਨ੍ਹਾਂ ਨੇ ਕੇਂਦਰ ਤੋਂ 520 ਕਰੋੜ ਰੁਪਏ ਲੈਣ ਤੋਂ ਪਹਿਲਾਂ ਪੰਜ-ਛੇ ਦਿਨਾਂ ਲਈ 7.5 ਫੀਸਦੀ ਵਿਆਜ ’ਤੇ ਕਰਜ਼ੇ ਤੋਂ ਬਚਣ ਲਈ ਤਨਖ਼ਾਹਾਂ ਅਤੇ ਪੈਨਸ਼ਨਾਂ ਜਾਰੀ ਕਰਨ ਵਿੱਚ ਦੇਰੀ ਨੂੰ ਜਾਇਜ਼ ਠਹਿਰਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਸੇਵਾਮੁਕਤ ਵਿਅਕਤੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਹਰ ਮਹੀਨੇ ਦੀ 5 ਅਤੇ 10 ਤਰੀਕ ਨੂੰ ਦਿੱਤੀਆਂ ਜਾਣਗੀਆਂ। ਉਧਰ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਵੱਲੋਂ ਤਨਖ਼ਾਹਾਂ ਵਿੱਚ ਦੇਰੀ ਦੇ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ 5 ਸਤੰਬਰ ਨੂੰ ਤਨਖ਼ਾਹਾਂ ਮਿਲਣਗੀਆਂ ਅਤੇ 10 ਸਤੰਬਰ ਨੂੰ ਪੈਨਸ਼ਨਾਂ ਜਾਰੀ ਹੋ ਜਾਣਗੀਆਂ। ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਮੌਜੂਦਾ ਸਮਾਂ ਸੀਮਾ ਅਨੁਸਾਰ ਭੱਤੇ ਮਿਲਣਗੇ ਕਿਉਂਕਿ ਉਹ ਆਪਣੇ ਸਰੋਤਾਂ ਰਾਹੀਂ ਖਰਚੇ ਦੀ ਪੂਰਤੀ ਕਰਨਗੇ।
ਸੁੱਖੂ ਨੇ ਕਿਹਾ ਕਿ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਟਾਲਣ ਨਾਲ ਸਰਕਾਰ ਨੂੰ ਕਰਜ਼ਿਆਂ ਦੇ ਵਿਆਜ ਵਜੋਂ ਅਦਾ ਕੀਤੇ ਜਾਣ ਵਾਲੇ 3 ਕਰੋੜ ਰੁਪਏ ਮਾਸਿਕ ਅਤੇ ਸਾਲਾਨਾ 36 ਕਰੋੜ ਰੁਪਏ ਦੀ ਬਚਤ ਹੋਵੇਗੀ। -ਆਈਂਏਐੱਨਐੱਸ