ਟਿਊਬਵੈੱਲਾਂ ’ਤੇ ਮੀਟਰ ਲਾਉਣ ਆਏ ਮੁਲਾਜ਼ਮ ਬੰਦੀ ਬਣਾਏ
ਸੁਭਾਸ਼ ਚੰਦਰ
ਸਮਾਣਾ, 26 ਜੁਲਾਈ
ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਮਾਣਾ ਬਲਾਕ ਦੇ ਪਿੰਡ ਬੇਲੂਮਾਜਰਾ ਦੇ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ’ਤੇ ਮੀਟਰ ਲਾਉਣ ਲਈ ਆਏ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੈਂਕੜੇ ਕਾਰਕੁਨਾਂ ਨੇ ਬੰਦੀ ਬਣਾ ਲਿਆ ਤੇ ਧਰਨਾ ਲਾ ਕੇ ਰੈਗੂਲੇਟਰੀ ਕਮਿਸ਼ਨ, ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉੱਚ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਕਿਸਾਨਾਂ ਨੂੰ ਮੀਟਰ ਪੁੱਟਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਕਿਸਾਨਾਂ ਨੇ ਬੰਦੀ ਬਣਾਏ ਮੁਲਾਜ਼ਮਾਂ ਨੂੰ ਛੱਡ ਦਿੱਤਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਸ਼ਾਹਪੁਰ ਤੇ ਬੇਲੂਮਾਜਰਾ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਟਿਊਬਵੈੱਲ ਵਾਲੀਆਂ ਮੋਟਰਾਂ ’ਤੇ ਕਿਸਾਨਾਂ ਨੂੰ ਕੋਈ ਇਤਲਾਹ ਦਿੱਤੇ ਬਨਿਾਂ ਮੀਟਰ ਲਾਏ ਜਾ ਰਹੇ ਹਨ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿ ਉਹ ਕਿਸੇ ਵੀ ਹਾਲਤ ਵਿੱਚ ਮੀਟਰ ਨਹੀਂ ਲੱਗਣ ਦੇਣਗੇ।
ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਗਿੱਲ ਨੇ ਦੱਸਿਆ ਕਿ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ ’ਤੇ ਬਿਜਲੀ ਘਾਟਾ ਨੋਟ ਕਰਨ ਲਈ ਹਰ ਸਬ-ਡਿਵੀਜ਼ਨ ਦੇ ਇਕ ਫੀਡਰ ’ਤੇ ਮੀਟਰ ਲਗਾਏ ਜਾ ਰਹੇ ਹਨ ਤਾਂ ਕਿ ਬਿਜਲੀ ਸਪਲਾਈ ਦੀ ਵਰਤੋਂ ਅਤੇ ਬਿਜਲੀ ਖ਼ਰਾਬੀ ਬਾਰੇ ਪਤਾ ਲਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਚੁੱਪਕੀ ਫੀਡਰ ’ਤੇ ਮੀਟਰ ਲਗਾਏ ਗਏ ਸਨ ਤੇ ਇਸ ਵਾਰ ਲੁੱਟਕੀ ਮਾਜਰਾ ਫੀਡਰ ’ਤੇ ਮੀਟਰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਰ ਮੀਟਰ ਪੁੱਟ ਕੇ ਕਿਸਾਨਾਂ ਵੱਲੋਂ ਬੰਦੀ ਬਣਾਏ ਗਏ ਮੁਲਾਜ਼ਮਾਂ ਨੂੰ ਛੁਡਾ ਲਿਆ ਹੈ ਅਤੇ ਮੀਟਰ ਲਾਉਣ ਦੇ ਕਾਰਜ ਸਬੰਧੀ ਮੰਗਲਵਾਰ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ।