ਕੇਂਦਰ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਮੁਲਾਜ਼ਮ
ਕੁਲਦੀਪ ਸਿੰਘ
ਚੰਡੀਗੜ੍ਹ, 8 ਸਤੰਬਰ
ਆਲ ਇੰਡੀਆ ਐੱਨਪੀਐੱਸ ਕਰਮਚਾਰੀ ਫੈੱਡਰੇਸ਼ਨ (ਇੰਡੀਆ) ਚੰਡੀਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਸਾਲ-2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਤਜਵੀਜ਼ਤ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ਨੂੰ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰੋਜ਼ ਗਾਰਡਨ ਤੋਂ ਸੁਖਨਾ ਝੀਲ, ਰੌਕ ਗਾਰਡਨ ਤੱਕ ਸਾਈਕਲ ਰੈਲੀ ਕੀਤੀ ਗਈ। ਰੈਲੀ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਪੀਜੀਆਈ, ਜੀਐੱਮਐੱਸਐੱਚ-16, ਜੀਐੱਮਸੀਐੱਚ-32, ਇਨਕਮ ਟੈਕਸ ਵਿਭਾਗ ਆਦਿ ਦੇ ਕਰਮਚਾਰੀਆਂ ਨੇ ਉੱਚੇਚੇ ਤੌਰ ’ਤੇ ਭਾਗ ਲਿਆ, ਮੁਲਾਜ਼ਮਾਂ ਨੇ ਇੱਕ ਆਵਾਜ਼ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ।
ਸਾਈਕਲ ਰੈਲੀ ਮੌਕੇ ਗੱਲਬਾਤ ਕਰਦਿਆਂ ਆਲ ਇੰਡੀਆ ਐੱਨਪੀਐੱਸ ਕਰਮਚਾਰੀ ਫੈੱਡਰੇਸ਼ਨ ਚੰਡੀਗੜ੍ਹ ਦੇ ਸਟੇਟ ਸੰਚਾਲਕ ਸਤਿਆਵੀਰ ਡਾਗੁਰ ਸਣੇ ਕਈ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਰੱਦ ਕਰ ਦਿੱਤਾ ਹੈ। ਕਿਉਂਕਿ ਯੂਨੀਫਾਈਡ ਪੈਨਸ਼ਨ ਸਕੀਮ ਵਿੱਚ ਮੁਲਾਜ਼ਮਾਂ ਵੱਲੋਂ ਕੱਟੀ ਜਾ ਰਹੀ ਰਕਮ ਦਾ ਕੁੱਲ 10 ਫ਼ੀਸਦੀ ਫੰਡ ਸਰਕਾਰ ਆਪਣੇ ਕੋਲ ਰੱਖੇਗੀ ਤੇ ਪੈਨਸ਼ਨ ਦੇਵੇਗੀ, ਭਾਵ ਮੁਲਾਜ਼ਮਾਂ ਦੇ ਆਪਣੇ ਪੈਸੇ ਤੋਂ ਪੈਨਸ਼ਨ ਦੇਣ ਦੀ ਯੋਜਨਾ ਹੈ।
25 ਸਾਲ ਦੀ ਸੇਵਾ ਤੋਂ ਬਾਅਦ ਵਾਲੰਟੀਅਰੀ ਰਿਟਾਇਰਮੈਂਟ ਲੈਣ ’ਤੇ, ਪੈਨਸ਼ਨ 60 ਸਾਲ ਤੋਂ ਸ਼ੁਰੂ ਹੋਵੇਗੀ। ਮੁਲਾਜ਼ਮ ਉਸ 10 ਤੋਂ 12 ਸਾਲ ਦੇ ਸਮੇਂ ਵਿੱਚ ਗੁਜ਼ਾਰਾ ਕਿਵੇਂ ਕਰੇਗਾ ਅਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕਰਮਚਾਰੀ 60 ਸਾਲ ਦੀ ਉਮਰ ਤੱਕ ਜਿਊਂਦਾ ਰਹੇਗਾ। ਇਸ ਵਿੱਚ ਨਾ ਤਾਂ ਜੀਪੀਐੱਫ ਦੀ ਸਹੂਲਤ ਹੈ ਅਤੇ ਨਾ ਹੀ ਆਉਣ-ਜਾਣ ਦੀ ਕੋਈ ਸਹੂਲਤ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾਵੇ।