ਸਰਪੰਚ ਦੇ ਪਤੀ ਖ਼ਿਲਾਫ਼ ਕਾਰਵਾਈ ਲਈ ਕਰਮਚਾਰੀਆਂ ਵੱਲੋਂ ਧਰਨਾ
ਜਗਤਾਰ ਅਣਜਾਣ
ਮੌੜ ਮੰਡੀ,18 ਅਗਸਤ
ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਦਫਤਰ ਮੌੜ ’ਚ ਪੰਚਾਇਤ ਸਕੱਤਰ ਨਾਲ ਹੋਏ ਝਗੜੇ ਨੂੰ ਲੈ ਕੇ ਵੀਡੀਪੀਓ ਦਫ਼ਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਅੱਜ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਬਲਾਕ ਵਿਕਾਸ ਤੇ ਪੰਚਾਇਤ ਵਿਕਾਸ ਵਿਭਾਗ ਦੇ ਕਰਮਚਾਰੀਆਂ ਨੇ ਇਹ ਧਰਨਾ ਸਰਪੰਚ ਦੇ ਪਤੀ ਹਰਪ੍ਰੀਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਦਿੱਤਾ ਗਿਆ।
ਪ੍ਰਾਪਤ ਜਣਕਾਰੀ ਅਨੁਸਾਰ ਇਸ ਝਗੜੇ ਸਬੰਧੀ ਬੀਤੇ ਦਿਨ ਬੀਡੀਪੀਓ ਮੌੜ ਗੁਰਤੇਗ ਸਿੰਘ ਦੀ ਅਗਵਾਈ ’ਚ ਥਾਣਾ ਮੌੜ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਕਿ ਸਕੱਤਰ ਮੋਹਨ ਸਿੰਘ ਦਫ਼ਤਰ ’ਚ ਬੈਠ ਕੇ ਸਰਕਾਰੀ ਕੰਮ ਕਰ ਰਿਹਾ ਸੀ, ਤਾਂ ਸੁਖਵਿੰਦਰ ਕੌਰ ਸਰਪੰਚ ਰਾਮਨਗਰ ਦੇ ਪਤੀ ਹਰਪ੍ਰੀਤ ਸਿੰਘ ਦਫ਼ਤਰ ਆ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਵਿਰੋਧ ਕਰਨਾ ਚਾਹਿਆ ਤਾਂ ਸਰਪੰਚ ਦੇ ਪਤੀ ਨੇ ਉਸ ਉੱਪਰ ਹਮਲਾ ਕਰਨ ਤੇ ਸਰਕਾਰੀ ਰਿਕਾਰਡ ਖੋਹਣ ਦੀ ਕੋਸ਼ਿਸ਼ ਕੀਤੀ। ਧਰਨਾ ਦੇ ਰਹੇ ਪੰਚਾਇਤ ਕਰਮਚਾਰੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਉੱਧਰ ਸਰਪੰਚ ਦੇ ਪਤੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਡੀਪੀਓ ਮੌੜ ਵੱਲੋਂ ਪੰਚਾਇਤ ਦੇ ਕਾਰਵਾਈ ਰਜਿਸਟਰ ਰੱਖ ਲਏ ਹਨ। ਸਾਡੇ ਵਾਰ ਵਾਰ ਕਹਿਣ ’ਤੇ ਵੀ ਕਾਰਵਾਈ ਰਜਿਸਟਰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਪਿੰਡ ਰਾਮਨਗਰ ਦਾ ਸਕੱਤਰ ਤਾਂ ਮਨਜੀਤ ਸਿੰਘ ਹੈ ਪਰ ਮੋਹਨ ਸਿੰਘ ਸਾਨੂੰ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰਦਾ ਆ ਰਿਹਾ ਹੈ।
ਇਸ ਸਬੰਧੀ ਬੀਡੀਪੀਓ ਮੌੜ ਗੁਰਤੇਗ ਸਿੰਘ ਨੇ ਕਿਹਾ ਕਿ ਦਫ਼ਤਰ ਮੌੜ ਵੱਲੋਂ ਥਾਣਾ ਮੌੜ ਦੇ ਮੁੱਖ ਅਫਸਰ ਨੂੰ ਕਾਰਵਾਈ ਕਰਨ ਹਿੱਤ ਲਿਖਤੀ ਦਰਖ਼ਾਸਤ ਦਿੱਤੀ ਹੋਈ ਹੈ। ਥਾਣਾ ਮੁਖੀ ਹਰਬੰਸ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਪੜਤਾਲ ਮਗਰੋਂ ਜੋ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।