ਨਿਯਮਤ ਤਨਖਾਹ ਸਕੇਲ ਲੈਣ ਲਈ ਡਟੇ ਵੇਰਕਾ ਦੇ ਮੁਲਾਜ਼ਮ
ਕੁਲਦੀਪ ਸਿੰਘ
ਚੰਡੀਗੜ੍ਹ, 7 ਜਨਵਰੀ
ਮਿਲਕਫੈੱਡ ਵਿੱਚੋਂ ਸੀਟੀਸੀ ਸੇਵਾ ਨਿਯਮ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵੇਰਕਾ ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ ਸਥਿਤ ਵੇਰਕਾ ਮਿਲਕਫੈੱਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਮਿਲਕ ਪਲਾਂਟਾਂ ਤੋਂ ਆਏ ਵਰਕਰਾਂ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਖਿਲਾਫ਼ ਰੋਸ ਪ੍ਰਗਟਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਸਾਲ-2018 ਵਿੱਚ ਮਿਲਕਫ਼ੈੱਡ ਵੱਲੋਂ ਆਪਣੇ ਕੁਝ ਕਰਮਚਾਰੀਆਂ ਉੱਤੇ ਪੰਜਾਬ ਸਰਕਾਰ ਦੇ ਤਨਖਾਹ-ਸਕੇਲ ਖਤਮ ਕਰਕੇ ਪ੍ਰਾਈਵੇਟ ਅਦਾਰਿਆਂ ਵਾਂਗ ਸੀਟੀਸੀ ਪੈਟਰਨ ਲਾਗੂ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਵਰਕਰਾਂ ਦੀਆਂ ਤਨਖਾਹਾਂ ਅੱਧੀਆਂ ਕਰ ਦਿੱਤੀਆਂ ਗਈਆਂ। ਮਿਲਕਫ਼ੈੱਡ ਬੋਰਡ ਵਲੋਂ ਇਨ੍ਹਾਂ ਨਿਯਮਾਂ ਨੂੰ ਰੱਦ ਕਰਕੇ ਇਸ ਦੀ ਫਾਈਲ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਪ੍ਰਵਾਨਗੀ ਲਈ ਭੇਜੀ ਗਈ ਸੀ ਪ੍ਰੰਤੂ ਪਿਛਲੇ ਇੱਕ ਸਾਲ ਤੋਂ ਇਹ ਫਾਈਲ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਦੇ ਦਫ਼ਤਰ ਵਿੱਚ ਰੁਲ਼ ਰਹੀ ਹੈ। ਪਿਛਲੇ ਦਿਨੀਂ ਸਹਿਕਾਰਤਾ ਹਫ਼ਤੇ ਦੇ ਮੌਕੇ ਇਨ੍ਹਾਂ ਕਾਲੇ ਕਾਨੂੰਨਾਂ ਤੋਂ ਅਜ਼ਾਦ ਕਰਨ ਦਾ ਐਲਾਨ ਵੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ ਸੀ, ਪ੍ਰੰਤੂ ਖਜ਼ਾਨਾ ਮੰਤਰੀ ਦਾ ਐਲਾਨ ਵੀ ਫੋਕਾ ਹੀ ਨਜ਼ਰ ਆ ਰਿਹਾ ਹੈ।