For the best experience, open
https://m.punjabitribuneonline.com
on your mobile browser.
Advertisement

ਦਫ਼ਤਰ ’ਚੋਂ ਰਿਕਾਰਡ ਲਿਜਾ ਰਹੇ ਮੁਲਾਜ਼ਮ ਕਿਸਾਨਾਂ ਨੇ ਰੋਕੇ

09:10 AM Apr 12, 2024 IST
ਦਫ਼ਤਰ ’ਚੋਂ ਰਿਕਾਰਡ ਲਿਜਾ ਰਹੇ ਮੁਲਾਜ਼ਮ ਕਿਸਾਨਾਂ ਨੇ ਰੋਕੇ
ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਡੀਐੱਸਪੀ ਸੁਖਪਾਲ ਸਿੰਘ।
Advertisement

ਕੇ ਪੀ ਸਿੰਘ
ਗੁਰਦਾਸਪੁਰ, 11 ਅਪਰੈਲ
ਪਨਸਪ ਵਿਭਾਗ ਨੂੰ 2021-22 ਵਿੱਚ ਬਾਂਗੋਵਾਣੀ ਤੇ ਬੁੱਚੇਨੰਗਲ ਦੇ ਆੜ੍ਹਤੀਆਂ ਨੂੰ ਵੇਚੇ ਝੋਨੇ ਦੀ 86 ਲੱਖ ਰੁਪਏ ਦੀ ਅਦਾਇਗੀ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਨਸਪ ਦਫ਼ਤਰ ਗੁਰਦਾਸਪੁਰ ਅੱਗੇ ਪਿਛਲੇ 13 ਦਿਨਾਂ ਤੋਂ ਚੱਲ ਰਹੇ ਧਰਨੇ ਦੌਰਾਨ ਸਥਿਤੀ ਉਸ ਸਮੇਂ ਗਰਮਾ ਗਈ ਜਦੋਂ ਬੁੱਧਵਾਰ ਸ਼ਾਮ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਦਫ਼ਤਰ ਦੀ ਪਿਛਲੀ 14-15 ਫੁੱਟੀ ਕੰਧ ਤੋਂ ਦਫ਼ਤਰੀ ਸਾਮਾਨ ਟਪਾ ਕੇ ਕਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਮੌਕੇ ਉੱਤੇ ਪੁੱਜੇ ਡੀਐੱਸਪੀ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਾਰਾ ਸਾਮਾਨ ਬਰਾਮਦ ਕੀਤਾ ਗਿਆ। ਦਫ਼ਤਰੀ ਅਮਲੇ ਵੱਲੋਂ ਕਾਰਾਂ ਵਿੱਚ ਜੋ ਸਮਾਨ ਰੱਖਿਆ ਗਿਆ ਸੀ, ਉਸ ਵਿੱਚ ਚਾਰ ਕੰਪਿਊਟਰ, ਕੀ-ਬੋਰਡ ਅਤੇ ਮਾਊਸ ਆਦਿ ਨਾਲ ਚਾਰ ਪ੍ਰਿੰਟਰ ਅਤੇ ਚਾਰ ਯੂਪੀਐੱਸ ਸਨ। ਇਸ ਤੋਂ ਇਲਾਵਾ ਇੱਕ ਪੇਟੀ ਫ਼ੋਟੋ ਸਟੇਟ ਰਿਮ ਕਾਗ਼ਜ਼, ਕਣਕ ਦੀਆਂ ਸਾਲ 2023-24 ਅਤੇ 24-25 ਨਾਲ ਸਬੰਧਤ ਫਾਈਲਾਂ, ਕਣਕ ਸਟਾਕ ਸਟੇਟਮੈਂਟ ਆਦਿ ਸ਼ਾਮਲ ਸੀ। ਧਰਨਾ ਦੇ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਸਤਿਬੀਰ ਸਿੰਘ ਸੁਲਤਾਨੀ, ਸਲਵਿੰਦਰ ਸਿੰਘ ਤਾਜ, ਹਰਿੰਦਰ ਸਿੰਘ, ਦਲਜੀਤ ਸਿੰਘ, ਜੋਗਿੰਦਰ ਪਾਲ ਘੁਰਾਲਾ, ਸੁਖਦੇਵ ਸਿੰਘ ਬਹਿਰਾਮਪੁਰ ਨੇ ਦੋਸ਼ ਲਾਇਆ ਕਿ ਦਫ਼ਤਰੀ ਕਰਮਚਾਰੀਆਂ ਨੇ ਇਹ ਸਾਰਾ ਸਾਮਾਨ ਗੈਰ-ਕਾਨੂੰਨੀ ਢੰਗ ਨਾਲ ਦਫ਼ਤਰ ਵਿੱਚੋਂ ਗ਼ਾਇਬ ਕਰਕੇ ਇਸ ਦਾ ਦੋਸ਼ ਧਰਨਾਕਾਰੀਆਂ ਉਪਰ ਮੜ੍ਹਨਾ ਸੀ ਤਾਂ ਕਿ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ। ਦੇਰ ਰਾਤ ਤੱਕ ਪੁਲੀਸ ਵੱਲੋਂ ਸਾਰਾ ਸਾਮਾਨ ਬਰਾਮਦ ਕਰ ਕੇ ਤਹਿਸੀਲਦਾਰ ਤੇ ਯੂਨੀਅਨ ਦੇ ਆਗੂਆਂ ਦੀ ਹਾਜ਼ਰੀ ਵਿੱਚ ਪਨਸਪ ਮੈਨੇਜਰ ਸੰਦੀਪ ਸਿੰਘ ਨੂੰ ਸੌਂਪ ਦਿੱਤਾ ਗਿਆ ਅਤੇ ਪਾਬੰਦ ਕੀਤਾ ਕਿ ਉਹ ਵਿਭਾਗੀ ਜਾਂਚ ਪੜਤਾਲ ਸਮੇਂ ਸਾਰਾ ਸਾਮਾਨ ਪੇਸ਼ ਕਰਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਰਿਕਾਰਡ ਖ਼ੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Advertisement

ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੱਢਾਗੇ: ਡੀਐੱਸਪੀ

ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪਨਸਪ ਦਫ਼ਤਰ ਦੇ ਕਰਮਚਾਰੀ ਦਫ਼ਤਰੀ ਰਿਕਾਰਡ ਕੰਧ ਰਾਹੀਂ ਕੱਢ ਰਹੇ ਸਨ ਜਿਨ੍ਹਾਂ ਨੂੰ ਕਿਸਾਨਾਂ ਨੇ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਪਨਸਪ ਦਫ਼ਤਰ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਦਫ਼ਤਰੀ ਕੰਮ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਕਰਮਚਾਰੀ ਆਪਣਾ ਰਿਕਾਰਡ ਕੰਧ ਟਪਾ ਕੇ ਕੱਢ ਰਹੇ ਸਨ ਕਿਉਂਕਿ ਮੇਨ ਗੇਟ ’ਤੇ ਕਿਸਾਨ ਧਰਨਾ ਲਗਾ ਕੇ ਬੈਠੇ ਹੋਏ ਸਨ ਜਿਸ ਤੋਂ ਬਾਅਦ ਕਿਸਾਨਾਂ ਅਤੇ ਪਨਸਪ ਦਫ਼ਤਰ ਦੇ ਕਰਮਚਾਰੀਆਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਪਰ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਅਤੇ ਦਫ਼ਤਰੀ ਰਿਕਾਰਡ ਨੂੰ ਮੁੜ ਤੋਂ ਦਫ਼ਤਰ ਵਿੱਚ ਰਖਵਾ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ।

Advertisement
Author Image

Advertisement
Advertisement
×