ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਦੀ ਅਰਥੀ ਫੂਕੀ
ਡੀਪੀਐੱਸ ਬੱਤਰਾ
ਸਮਰਾਲਾ, 28 ਅਗਸਤ
ਸਮਰਾਲਾ ਤਹਿਸੀਲ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵੱਲੋਂ ਸੈਂਟਰਲ ਬਾਡੀ ਦੇ ਸੱਦੇ ’ਤੇ ਕੰਪਲੇਂਟ ਸੈਂਟਰ ਵਿਚ ਕਨਵੀਨਰ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗਾਂ ਦੇ ਕੇ ਟਾਲ ਮਟੋਲ ਦੀ ਨੀਤੀ ’ਤੇ ਚੱਲਦੀ ਹੋਈ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਕੇ ਆਪਣਾ ਸਮਾਂ ਟਪਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿਰੁੱਧ ਜਾ ਕੇ ਪੈਨਸ਼ਨਰਾਂ ਨੂੰ 2.59 ਦੀ ਬਜਾਏ 2.44 ਦੇ ਕੇ ਉਸ ਸਮੇਂ ਦੇ ਡੀਏ 119 ਪ੍ਰਤੀਸ਼ਤ ਦੀ ਬਜਾਏ 113 ਪ੍ਰਤੀਸ਼ਤ ਮੰਨ ਕੇ ਪੇਅ ਸਕੇਲ ਸੋਧ ਕੇ ਜਨਵਰੀ 2016 ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨਾਲ ਧੱਕਾ ਕੀਤਾ ਗਿਆ ਹੈ ਜਿਸ ਦਾ ਪੈਨਸ਼ਨਰ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਮੌਕੇ ਰਾਮ ਸਿੰਘ ਕਾਲੜਾ, ਸਾਬਕਾ ਐਸ. ਡੀ. ਓ. ਪ੍ਰੇਮ ਸਿੰਘ, ਜਗਤਾਰ ਸਿੰਘ, ਟੀ. ਐਸ. ਯੂ. ਆਗੂ ਸੰਗਤ ਸਿੰਘ ਸੇਖੋਂ, ਗੁਰਬਖਸ਼ੀਸ਼ ਸਿੰਘ, ਮੇਘ ਸਿੰਘ ਜਵੰਦਾ, ਵਿਜੈ ਕੁਮਾਰ ਸ਼ਰਮਾ, ਕੁਲਵੰਤ ਸਿੰਘ ਤਰਕ, ਜਸਵੰਤ ਸਿੰਘ ਢੰਡਾ, ਦਰਸ਼ਨ ਸਿੰਘ ਕੋਟਾਲਾ ਨੇ ਸੰਬੋਧਨ ਕੀਤਾ।
ਡੀਏ ਦਾ ਬਕਾਇਆ ਨਾ ਦੇਣ ’ਤੇ ਰੋਸ
ਧਰਨਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਸਮੇਂ ਦਾ ਬਕਾਇਆ 12 ਫੀਸਦੀ ਡੀਏ ਨਹੀਂ ਦਿੱਤਾ ਜਾ ਰਿਹਾ ਜਦਕਿ ਗੁਆਂਢੀ ਸੂਬੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਕਇਆ ਡੀਏ ਦੇ ਚੁੱਕੇ ਹਨ। ਇਸ ਤੋਂ ਇਲਾਵਾ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਲਾਰਾ ਲਾ ਕੇ ਆਈ ਇਹ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ।