ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਦੀ ਅਰਥੀ ਫੂਕੀ
ਪੱਤਰ ਪ੍ਰੇਰਕ
ਮਾਨਸਾ, 24 ਅਗਸਤ
ਇੱਥੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਲੰਬੇ ਸਮੇਂ ਤੋਂ ਲਕਟਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਫਰੰਟ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਗੱਲਬਾਤ ਲਈ ਸਮਾਂ ਦੇ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਫਰੰਟ ਦੇ ਸੂਬਾ ਆਗੂ ਮਨਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ ਜੇ ਸਰਕਾਰ ਦਾ ਮੰਗਾਂ ਪ੍ਰਤੀ ਅਜਿਹਾ ਹੀ ਘਟੀਆ ਵਿਵਹਾਰ ਰਿਹਾ ਤਾਂ 3 ਸਤੰਬਰ ਤੋਂ ਚੰਡੀਗੜ੍ਹ ਸੁਰੂ ਹੋਣ ਜਾ ਰਹੇ ਸੈਸ਼ਨ ਇਜਲਾਸ ਲਈ ਪੰਜਾਬ ਸਟੇਟ ਕਮੇਟੀ ਵੱਲੋਂ ਵਿਧਾਨ ਸਭਾ ਮਾਰਚ ਕੀਤਾ ਜਾਵੇਗਾ ਅਤੇ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸਰਕਾਰ ’ਤੇ ਮੰਗਾਂ ਦੀ ਪੂਰਤੀ ਤੋਂ ਆਨਾਕਾਨੀ ਕਰਨ ਦਾ ਦੋਸ਼ ਲਾਉਂਦਿਆਂ ਲਾਰਿਆਂ ਦੀ ਪੰਡ ਸਾੜੀ। ਗਗਨਦੀਪ ਸਿੰਘ ਭੁੱਲਰ ਸੂਬਾ ਕਨਵੀਨਰ ਨੇ ਆਖਿਆ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰਦੀ ਆ ਰਹੀ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ): ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਬਰਨਾਲਾ ਵੱਲੋਂ ਡੀਸੀ ਕੰਪਲੈਕਸ ਵਿੱਚ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਨੂੰ ਫੂਕੀ ਗਈ। ਇਸ ਮੌਕੇ ਸਾਂਝੇ ਫਰੰਟ ਦੇ ਆਗੂਆਂ ਮਾਸਟਰ ਬਖਸ਼ੀਸ਼ ਸਿੰਘ, ਖੁਸਮਿੰਦਰਪਾਲ ਹੰਢਿਆਇਆ, ਦਰਸ਼ਨ ਚੀਮਾ ਨੇ ਸੰਬੋਧਨ ਕੀਤਾ।
ਅੰਗਹੀਣਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਮਾਨਸਾ (ਪੱਤਰ ਪ੍ਰੇਰਕ): ਫਿਜ਼ੀਕਲ ਹੈਂਡੀਕੈਂਪਡ ਐਸੋਸੀਏਸ਼ਨ ਵੱਲੋਂ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਪੰਜਾਬ ’ਚ ’ਆਪ’ ਦੀ ਸਰਕਾਰ ਬਣਨ ’ਤੇ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ, ਜੋ ਸਰਕਾਰ ਦੇ ਪੌਣੇ ਤਿੰਨ ਸਾਲਾਂ ਵਿੱਚ ਪੂਰਾ ਨਹੀਂ ਹੋਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪਿੰਡਾਂ ’ਚ ਰੈਲੀਆਂ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਗੁਰਸੇਵਕ ਸਿੰਘ, ਸੁਖਜੀਤ ਸਿੰਘ, ਲਾਭ ਸਿੰਘ ਹਾਜ਼ਰ ਸਨ।