For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਥਾਈਂ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਮਈ ਦਿਵਸ ਮਨਾਇਆ

09:11 AM May 02, 2024 IST
ਵੱਖ ਵੱਖ ਥਾਈਂ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਮਈ ਦਿਵਸ ਮਨਾਇਆ
ਚੰਡੀਗੜ੍ਹ ਦੇ ਸੈਕਟਰ-17 ਵਿੱਚ ਮਨੁੱਖੀ ਲੜੀ ਬਣਾਉਂਦੇ ਹੋਏ ਸੀਪੀਯੂਜੇ ਦੇ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਚੰਡੀਗੜ੍ਹ-ਪੰਜਾਬ ਯੂਨੀਅਨ ਆਫ਼ ਜਰਨਲਿਸਟ (ਸੀਪੀਯੂਜੇ) ਨੇ ਮਜ਼ਦੂਰ ਵਰਗ ਲਈ ਆਪਣੀਆਂ ਜਾਨਾਂ ਦੇਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਇੱਥੋਂ ਦੇ ਸੈਕਟਰ-17 ਸਥਿਤ ਪਲਾਜ਼ਾ ਵਿੱਚ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਵੱਡੀ ਗਿਣਤੀ ਪੱਤਰਕਾਰਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਮਨੁੱਖੀ ਲੜੀ ਬਣਾ ਕੇ ਆਪਣੀਆਂ ਹੱਕੀ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ। ਸੀਪੀਯੂਜੇ ਦੇ ਪ੍ਰਧਾਨ ਵਿਨੋਦ ਕੋਹਲੀ ਨੇ ਇਲੈਕਟ੍ਰੌਨਿਕ ਮੀਡੀਆ ਨੂੰ ਪ੍ਰੈੱਸ ਕੌਂਸਲ ਦੇ ਦਾਇਰੇ ’ਚ ਸ਼ਾਮਲ ਕਰਨ ਅਤੇ ਇਸ ਦਾ ਨਾਂ ਬਦਲ ਕੇ ਮੀਡੀਆ ਕੌਂਸਲ ਰੱਖਣ ਦੀ ਮੰਗ ਕੀਤੀ। ਇਸ ਨਾਲ ਇਲੈਕਟ੍ਰੌਨਿਕ ਮੀਡੀਆ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਪੱਤਰਕਾਰਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਡੈਸਕ ਵਰਕਿੰਗ ਪੱਤਰਕਾਰਾਂ ਸਮੇਤ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਨ ਦੀ ਮੰਗ ਕੀਤੀ।
ਚੰਡੀਗੜ੍ਹ (ਪੱਤਰ ਪ੍ਰੇਰਕ): ਫੈਡਰੇਸ਼ਨ ਆਫ਼ ਯੂ.ਟੀ. ਐਂਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਸੱਦੇ ’ਤੇ ਯੂਟੀ/ਐੱਮਸੀ ਦੇ ਕਰਮਚਾਰੀਆਂ ਅਤੇ ਹੋਰ ਵਿਭਾਗਾਂ ਦੀਆਂ ਯੂਨੀਅਨਾਂ ਅਤੇ ਸੀਟੂ ਨੇ ਸਾਂਝੇ ਤੌਰ ’ਤੇ ਅੱਜ ਪਹਿਲੀ ਮਈ ਨੂੰ ਬਿਜਲੀ ਦਫ਼ਤਰ, ਸੈਕਟਰ 18 ਨੇੜੇ ਮਈ ਦਿਵਸ ਮਨਾਇਆ। ਸਮਾਗਮ ਵਿੱਚ ਬਿਜਲੀ, ਪਾਣੀ, ਬਾਗਬਾਨੀ, ਸੜਕਾਂ, ਸਿਹਤ, ਸਿੱਖਿਆ, ਸੈਨੀਟੇਸ਼ਨ, ਭਾਰਤੀ ਬਾਲ ਭਲਾਈ ਕੌਂਸਲ, ਇਲੈਕਟ੍ਰੀਕਲ, ਸੰਪਰਕ ਕੇਂਦਰ, ਸਮਾਰਟ ਸਿਟੀ, ਐੱਮ.ਸੀ. ਮਨੀਮਾਜਰਾ, ਹਾਊਸਿੰਗ, ਹੈਲਥ ਐਂਡ ਪੈਨਸ਼ਨਰਜ਼ ਯੂਨੀਅਨ ਆਦਿ ਜਥੇਬੰਦੀਆਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸੇ ਦੌਰਾਨ ਅੱਜ ਚੌਥਾ ਦਰਜਾ ਦੇ ਡਾਇਰੈਕਟ ਡੀਸੀ ਰੇਟ/ਆਊਟਸੋਰਸਿੰਗ ਤੇ ਮਿੱਡ-ਡੇ-ਮੀਲ ਕਰਮਚਾਰੀਆਂ ਨੇ ਮਸਜਿਦ ਗਰਾਊਂਡ ਸੈਕਟਰ 20 ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਪ੍ਰਧਾਨ ਰਣਬੀਰ ਸਮੇਤ ਕਾਮਰੇਡ ਰਾਜ ਕੁਮਾਰ, ਅਰਵਿੰਦ ਰਾਣਾ, ਅਜੇ ਸ਼ਰਮਾ, ਡਾ. ਰਮੇਸ਼ ਸ਼ਰਮਾ, ਸੰਜੇ ਦੂਨ, ਸਰਵਣ, ਐਡਵੋਕੇਟ ਭੁਪਿੰਦਰ ਸਿੰਘ ਗਿੱਲ, ਓਮ ਪ੍ਰਕਾਸ਼, ਜਨਾਰਦਨ ਅਤੇ ਹੋਰਨਾਂ ਨੇ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਸੇ ਦੌਰਾਨ ਕਾਰਖਾਨਾ ਮਜ਼ਦੂਰ ਯੂਨੀਅਨ ਚੰਡੀਗੜ੍ਹ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਪਿੰਡ ਹੱਲੋਮਾਜਰਾ ਵਿੱਚ ਮਜ਼ਦੂਰ ਦਿਵਸ ਮੌਕੇ ਕਾਨਫਰੰਸ ਕੀਤੀ ਗਈ।
ਖਰੜ (ਪੱਤਰ ਪ੍ਰੇਰਕ): ਖਰੜ ਦੇ ਲੇਬਰ ਚੌਕ ਵਿੱਚ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਖਰੜ ਅਤੇ ਗਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੇ ਸੱਦੇ ’ਤੇ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਲ ਝੰਡਾ ਲਹਿਰਾਇਆ। ਇਸ ਮੌਕੇ ਦਿਨੇਸ਼ ਪ੍ਰਸਾਦ, ਸੁਰਿੰਦਰ ਸਿੰਘ ਬਡਾਲਾ, ਯੋਗ ਰਾਜ, ਮੋਹਣ ਲਾਲ ਅਤੇ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਇੱਥੇ ਅੱਜ ਮਿਸਤਰੀ-ਮਜ਼ਦੂਰ ਯੂਨੀਅਨ ਇਫਟੂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਮਜ਼ਦੂਰ ਯੂਨੀਅਨਾਂ ਦੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਯੂਨੀਅਨ ਦੇ ਆਗੂਆਂ ਪ੍ਰਕਾਸ਼ ਸਿੰਘ, ਦਰਸ਼ਨ ਸਿੰਘ, ਕਰਮਜੀਤ ਸਿੰਘ, ਕੁਲਦੀਪ ਰਾਏ ਸੂਦ, ਰੁਪਿੰਦਰ ਸਿੰਘ ਬਮਨਾੜਾ ਨੇ ਕੀਤੀ।
ਘਨੌਲੀ (ਪੱਤਰ ਪ੍ਰੇਰਕ): ਇੱਥੇ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਅੱਗੇ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰਜ਼ ਯੂਨੀਅਲ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਸੂਬਾ ਸਰਕਾਰ ਵੱਲੋਂ ਕਾਰਗਰ ਕਦਮ ਨਹੀਂ ਉਠਾਏ ਜਾ ਰਹੇ ਹਨ। ਉਨ੍ਹਾਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ।
ਕੁਰਾਲੀ (ਪੱਤਰ ਪ੍ਰੇਰਕ): ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਹਾਇਕ ਸਟਾਫ਼ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਵੰਦਨਾ ਪੁਰੀ ਦੀ ਦੇਖਰੇਖ ਹੇਠ ਹੋਏ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਉਪਰੰਤ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਲਘੂ ਨਾਟਕ ‘ਮਜ਼ਦੂਰ ਦਿਵਸ’ ਪੇਸ਼ ਕੀਤਾ ਜਦਕਿ ਹੋਰਨਾਂ ਨੇ ਇਸ ਦਿਵਸ ਸਬੰਧੀ ਕਵਿਤਾਵਾਂ ਪੇਸ਼ ਕੀਤੀਆਂ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਸਫਾਈ ਕਰਮਚਾਰੀ ਯੂਨੀਅਨ (ਏਟਕ) ਦੇ ਮੈਂਬਰਾਂ ਵੱਲੋਂ ਅੱਜ ਨਗਰ ਕੌਂਸਲ ਦਫ਼ਤਰ ਦੇ ਬਾਹਰ ਆਪਣਾ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਮੀਤ ਪ੍ਰਧਾਨ ਵਿਨੋਦ ਚੁੱਘ ਅਤੇ ਐਡਵੋਕੇਟ ਜਸਪਾਲ ਸਿੰਘ ਦੱਪਰ ਵੀ ਮੌਜੂਦ ਸਨ। ਇਸੇ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬਰਾਂਚ ਵੱਲੋਂ ਅੱਜ ਮਜ਼ਦੂਰ ਮਈ ਦਿਵਸ ਮੌਕੇ ਮਹਿਕਮੇ ਦੀ ਸਬ ਡਿਵੀਜ਼ਨ ਜਵਾਹਰਪੁਰ ਦੇ ਦਫ਼ਤਰ ਵਿੱਚ ਜਥੇਬੰਦੀ ਦਾ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਬਨੂੜ (ਪੱਤਰ ਪ੍ਰੇਰਕ): ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਪਾਵਰਕੌਮ ਦੇ ਉਪ ਮੰਡਲ ਖੇੜਾ ਗੱਜੂ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਵੀ ਲਹਿਰਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਸਰਕਾਰਾਂ ਦੇ ਅੜੀਅਲ ਵਤੀਰੇ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਅਹਿਦ ਲਿਆ ਗਿਆ।
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਇੱਥੇ ਅੱਜ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਅਤੇ ਕੁੱਲ ਹਿੰਦ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ ’ਤੇ ਬਲਾਕ ਨੂਰਪੁਰ ਬੇਦੀ ਵਿੱਚ ਸੀਟੂ ਦਫ਼ਤਰ ਵਿਖੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਝੰਡਾ ਚੜ੍ਹਾਉਣ ਦੀ ਰਸਮ ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ ਨੇ ਅਦਾ ਕੀਤੀ। ਇਸੇ ਦੌਰਾਨ ਜੇਪੀਐੱਮਓ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮੌਕੇ ਕਿਰਤੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਨੇ ਬੱਸ ਸਟੈਂਡ ਨੂਰਪੁਰ ਬੇਦੀ ਵਿੱਚ ਮਈ ਦਿਵਸ ਮਨਾਇਆ।

Advertisement

ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਰੈਲੀ


ਮਜ਼ਦੂਰ ਦਿਵਸ ਸਬੰਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ। -ਫੋਟੋ: ਵਿੱਕੀ ਘਾਰੂ

ਚੰਡੀਗੜ੍ਹ(ਟਨਸ): ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਯੂਨੀਅਨ ਨੇ ਚੰਡੀਗੜ੍ਹ ਸਥਿਤ ਟ੍ਰਿਬਿਊਨ ਦੇ ਮੁੱਖ ਦਫ਼ਤਰ ਵਿੱਚ ਰੈਲੀ ਕੀਤੀ, ਜਿਸ ਵਿੱਚ ਸੈਂਕੜੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਸਾਰੇ ਮੁਲਾਜ਼ਮਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਨੇ ਕਿਹਾ ਕਿ ਯੂਨੀਅਨ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਈ ਜਾਂਦੀ ਹੈ ਅਤੇ ਮੁਲਾਜ਼ਮਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ ਹੈ। ਸ੍ਰੀ ਗੁਪਤਾ ਨੇ ਯੂਨੀਅਨ ਦੀ ਪਿਛਲੇ ਇਕ ਸਾਲ ਦੀਆਂ ਪ੍ਰਾਪਤੀਆਂ ਸਭ ਦੇ ਸਾਹਮਣੇ ਰੱਖੀਆਂ। ਸੀਨੀਅਰ ਮੀਤ ਪ੍ਰਧਾਨ ਕਰਮਵੀਰ ਨੇ ਸਾਰੇ ਮੁਲਾਜ਼ਮਾਂ ਨੂੰ ਟ੍ਰਿਬਿਊਨ ਗਰੁੱਪ ਲਈ ਵਧ-ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ। ਸਕੱਤਰ ਸੁਸ਼ੀਲ ਤਿਵਾੜੀ ਨੇ ਕਿਹਾ ਕਿ ਸਾਰੇ ਮੁਲਾਜ਼ਮਾਂ ਵੱਲੋਂ ਮਿਲ ਕੇ ਮਜ਼ਬੂਤੀ ਨਾਲ ਕੰਮ ਕਰਨ ਨਾਲ ਹੀ ਅਦਾਰੇ ਦੀ ਤਰੱਕੀ ਹੋ ਸਕਦੀ ਹੈ। ਯੂਨੀਅਨ ਦੀ ਜਨਰਲ ਸਕੱਤਰ ਰੁਚਿਕਾ ਐੱਮ ਖੰਨਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਯੂਨੀਅਨ ਦੀ ਵਿੱਤ ਸਕੱਤਰ ਰਿਤੂ ਕਪੂਰ ਨੇ ਯੂਨੀਅਨ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਅਤੇ ਯੂਨੀਅਨ ਦੇ ਸੀਨੀਅਰ ਮੈਂਬਰ ਬਲਵਿੰਦਰ ਸਿੰਘ ਸਿਪਰੇ ਨੇ ਵੀ ਵਿਚਾਰ ਸਾਂਝੇ ਕੀਤੇ।

Advertisement
Author Image

sukhwinder singh

View all posts

Advertisement
Advertisement
×