ਕਰੰਟ ਲੱਗਣ ਕਾਰਨ ਮੁਲਾਜ਼ਮ ਜ਼ਖਮੀ
ਪੱਤਰ ਪ੍ਰੇਰਕ
ਕਾਲਾਂਵਾਲੀ, 30 ਜੂਨ
ਖੇਤਰ ਦੇ ਪਿੰਡ ਨੂਹੀਆਂਵਾਲੀ ਦੇ ਜਲਘਰ ਵਿੱਚ ਕੰਮ ਕਰਦੇ ਮੁਲਾਜ਼ਮ ਰਮੇਸ਼ ਕੁਮਾਰ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਕਰੰਟ ਲੱਗ ਗਿਆ। ਕਰਮਚਾਰੀ ਰਮੇਸ਼ ਕੁਮਾਰ ਪਿੰਡ ’ਚ ਸਪਲਾਈ ਛੱਡਣ ਲਈ ਲੋਹੇ ਦੀ ਚਾਬੀ ਨਾਲ ਵਾਲਵ ਬਦਲ ਰਿਹਾ ਸੀ ਤਾਂ ਚਾਬੀ ਜਲਘਰ ’ਚ ਟੈਂਕੀ ਦੇ ਉੱਪਰ ਜਾ ਰਹੀ 11 ਹਜ਼ਾਰ ਵੋਲਟੇਜ ਲਾਈਨ ਨਾਲ ਟਕਰਾ ਗਈ। ਇਸ ਕਾਰਨ ਰਮੇਸ਼ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਜ਼ਖਮੀ ਰਮੇਸ਼ ਕੁਮਾਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਤੁਰੰਤ ਸਿਰਸਾ ਲੈ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਜਲਘਰ ਵਿੱਚੋਂ ਪਾਣੀ ਛੱਡਣ ਲਈ ਬਣਾਈਆਂ ਗਈਆਂ ਸਪਲਾਈ ਟੈਂਕੀਆਂ ਉਪਰੋਂ 11 ਹਜ਼ਾਰ ਵੋਲਟੇਜ ਦੀ ਲਾਈਨ ਲੰਘ ਰਹੀ ਹੈ। ਇਸ ਕਾਰਨ ਪਹਿਲਾਂ ਵੀ ਇੱਕ ਮੁਲਾਜ਼ਮ ਨੂੰ ਕਰੰਟ ਲੱਗ ਗਿਆ ਸੀ। ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਲਾਈਨ ਤਬਦੀਲ ਨਹੀਂ ਕੀਤੀ ਗਈ। ਪਿੰਡ ਦੇ ਨੰਬਰਦਾਰ ਪ੍ਰੇਮ ਜਿਆਣੀ, ਲੀਲਾਧਰ, ਧਰਮਪਾਲ ਦਾ ਕਹਿਣਾ ਹੈ ਕਿ ਜਲਘਰ ਵਿੱਚ ਜੋ ਟਰਾਂਸਫਾਰਮਰ ਲਗਾਇਆ ਗਿਆ ਹੈ, ਇਹ ਕਾਫੀ ਨੀਵਾਂ ਹੋ ਗਿਆ ਹੈ, ਜਿਸ ਕਾਰਨ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਬਿਜਲੀ ਵਿਭਾਗ ਪ੍ਰਤੀ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਜਲਘਰ ਵਿੱਚ ਲੱਗੇ ਟਰਾਂਸਫਾਰਮਰ ਨੂੰ ਤੁਰੰਤ ਬਾਹਰ ਤਬਦੀਲ ਕੀਤਾ ਜਾਵੇ।