ਨਸ਼ਿਆਂ ਦੇ ਖ਼ਾਤਮੇ ਲਈ ਮਿਲ ਕੇ ਹੰਭਲਾ ਮਾਰਨ ’ਤੇ ਜ਼ੋਰ
ਐਸ.ਏ.ਐਸ. ਨਗਰ (ਮੁਹਾਲੀ): ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਹੋਈ। ਇਸ ਵਿੱਚ ਹੌਟਸਪਾਟ, ਜਾਗਰੂਕਤਾ ਮੁਹਿੰਮ ਅਤੇ ਨਸ਼ਿਆਂ ਖ਼ਿਲਾਫ਼ ਹੋਰ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨੇ ਮੁਹਾਲੀ ਜ਼ਿਲ੍ਹੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਿਆਂ ਦੀ ਵਰਤੋਂ ਨੂੰ ਛੂਤ ਦੀ ਬਿਮਾਰੀ ਕਰਾਰ ਦਿੰਦਿਆਂ ਇਸ ਦੇ ਫੈਲਾਅ ਨੂੰ ਰੋਕਣ ਲਈ ਹਰ ਵਰਗ ਦੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਪਿੰਡ, ਜੰਗਲੀ ਖੇਤਰ, ਵਿੱਦਿਅਕ ਸੰਸਥਾਵਾਂ ਅਤੇ ਕੈਮਿਸਟ ਦੀਆਂ ਦੁਕਾਨਾਂ ਹੌਟਸਪਾਟ ਹੋ ਸਕਦੇ ਹਨ। ਸਮੂਹ ਐਸਡੀਐਮਜ਼ ਅਤੇ ਡੀਐਸਪੀਜ਼ ਤਾਲਮੇਲ ਕਰਕੇ ਸਾਂਝੀ ਚੈਕਿੰਗ ਕਰਨਾ ਯਕੀਨੀ ਬਣਾਉਣ। ਐੱਸਐੱਸਪੀ ਸੰਦੀਪ ਗਰਗ ਨੇ ਨਸ਼ਾ ਵਿਰੋਧੀ ਮੁਹਿੰਮ ਹੈਲਪਲਾਈਨ ਵਟਸਐਪ ਨੰਬਰ 8054100112 ਤੇ ਈਮੇਲ ssp.mohali.druginfo@gmail.com ਦਾ ਖ਼ੁਲਾਸਾ ਕਰਦਿਆਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। -ਪੱਤਰ ਪ੍ਰੇਰਕ