For the best experience, open
https://m.punjabitribuneonline.com
on your mobile browser.
Advertisement

ਸਿਆਸੀ ਤੇ ਸਮਾਜਿਕ ਦਮਨ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ’ਤੇ ਜ਼ੋਰ

08:05 AM Aug 03, 2024 IST
ਸਿਆਸੀ ਤੇ ਸਮਾਜਿਕ ਦਮਨ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ’ਤੇ ਜ਼ੋਰ
ਬੁਲਾਰਿਆਂ ਦਾ ਸਨਮਾਨ ਕਰਦੇ ਹੋਏ ਪਿੰਗਲਵਾੜਾ ਦੇ ਮੁਖੀ ਡਾ. ਇੰਦਰਜੀਤ ਕੌਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ 32ਵੀਂ ਬਰਸੀ ਮੌਕੇ ਅੱਜ ਇਥੇ ‘ਸਿਆਸੀ ਅਤੇ ਸਮਾਜਿਕ ਦਮਨ ਤੇ ਉਸ ਵਿਰੁੱਧ ਸੰਘਰਸ਼ ਵਿਸ਼ੇ’ ਉੱਤੇ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਸਾਂਝੀਵਾਲਤਾ, ਵਿਵੇਕ ਤੇ ਸੰਘਰਸ਼ ਦੇ ਮੰਚ ਵਜੋਂ ਉਭਰੀ ਹੈ। ਬੁਲਾਰਿਆਂ ਵਿੱਚ ਸ਼ਾਮਲ ਵਿਦਵਾਨ ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਸਿਆਸੀ ਤੇ ਸਮਾਜਿਕ ਦਮਨ ਖ਼ਿਲਾਫ਼ ਸੰਘਰਸ਼ ਕਿਸੇ ਇੱਕ ਫਿਰਕੇ ਜਾਂ ਕੌਮ ਦੇ ਨਾਂ ’ਤੇ ਲੜ ਕੇ ਨਹੀਂ ਸਗੋਂ ਸਾਂਝੀਵਾਲਤਾ ਦੀ ਨੀਤੀ ਨਾਲ ਹੀ ਸਫ਼ਲ ਹੋ ਸਕਦੇ ਹਨ। ਉਨ੍ਹਾਂ ਭਗਤ ਪੂਰਨ ਸਿੰਘ ਦੀ ਸਮਾਜ ਪ੍ਰਤੀ ਦੇਣ ਅਤੇ ਸੰਘਰਸ਼ਮਈ ਜ਼ਿੰਦਗੀ ’ਤੇ ਵਿਚਾਰ ਸਾਂਝੇ ਕੀਤੇ। ਸ੍ਰੀ ਹਮੀਰ ਸਿੰਘ ਨੇ ਕੇਂਦਰੀ ਹਕੂਮਤ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਵੰਡ ਪਾਊ ਤਾਕਤਾਂ ਦੀ ਵਧ ਰਹੀ ਸ਼ਕਤੀ ਭਵਿੱਖ ਲਈ ਬਹੁਤ ਮਾੜੀ ਗੱਲ ਹੈ।
ਉਨ੍ਹਾਂ ਵਿਦੇਸ਼ਾਂ ਵਿੱਚ ਜਾ ਰਹੀ ਨੌਜਵਾਨ ਪੀੜ੍ਹੀ ਅਤੇ ਉਨ੍ਹਾਂ ਦੀ ਉੱਥੇ ਹੋ ਰਹੀ ਦੁਰਦਸ਼ਾ ’ਤੇ ਵੀ ਫ਼ਿਕਰ ਜਤਾਇਆ। ਸਮਾਜ ਸੇਵਿਕਾ ਸ਼ਾਇਸਤਾ ਅੰਬਰ ਨੇ ਕਿਹਾ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਖਾਸ ਫ਼ਿਰਕੇ ਲਈ। ਕਵਿਤਾ ਸ੍ਰੀਵਾਸਤਵ ਨੇ ਕਿਹਾ ਕਿ ਅਨਿਆਂ ਖ਼ਿਲਾਫ਼ ਚੁੱਪ ਤੋੜਨੀ ਹੋਵੇਗੀ। ਖੇਤੀ ਮੁੱਦਿਆਂ ਦੇ ਮਾਹਿਰ ਤੇ ਕਾਲਮਨਵੀਸ ਦਵਿੰਦਰ ਸ਼ਰਮਾ ਨੇ ਮੌਜੂਦਾ ਕਿਸਾਨੀ ਮਸਲਿਆਂ ਦੀ ਤਰਸਯੋਗ ਹਾਲਤ ਨੂੰ ਬਿਆਨ ਕੀਤਾ। ਗੁਰਚਰਨ ਸਿੰਘ ਨੂਰਪੁਰ ਨੇ ਸਮਾਜ ਵਿੱਚ ਪੂੰਜੀਪਤੀਆਂ ਦੇ ਵਧ ਰਹੇ ਪ੍ਰਭਾਵ ’ਤੇ ਚਿੰਤਾ ਪ੍ਰਗਟਾਈ। ਸੈਮੀਨਾਰ ਦੇ ਅਖੀਰ ਵਿੱਚ ਪਿੰਗਲਵਾੜਾ ਸੰਸਥਾ ਵੱਲੋਂ ਸੋਵੀਨਾਰ ਰਿਲੀਜ਼ ਕੀਤਾ ਗਿਆ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਆਏ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੀ ਪ੍ਰਧਾਨਗੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×