ਪੰਜਾਬੀਆਂ ਨੂੰ ਵਿਰਸੇ ਨਾਲ ਜੋੜਨ ਲਈ ਟੂਰਿਸਟ ਸਰਕਟ ਬਣਾਉਣ ਦੀ ਲੋੜ ’ਤੇ ਜ਼ੋਰ
ਸਤਵਿੰਦਰ ਬਸਰਾ
ਲੁਧਿਆਣਾ, 17 ਅਕਤੂਬਰ
‘ਪੰਜਾਬੀਆਂ ਨੂੰ ਵਿਰਸੇ ਨਾਲ ਜੋੜਨ ਲਈ ਜ਼ਿਲ੍ਹੇ ਵਾਰ ਟੂਰਿਸਟ ਸਰਕਟ ਬਣਾਉਣ ਦੀ ਲੋੜ ਹੈ ਤਾਂ ਜੋ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਪੇਂਡੂ ਨੌਜਵਾਨ ਕਲੱਬਾਂ ਦੇ ਮੈਂਬਰਾਂ ਨੂੰ ਇਨ੍ਹਾਂ ਇਤਿਹਾਸਕ ਥਾਵਾਂ ਦੀ ਯਾਤਰਾ ਕਰਵਾ ਕੇ ਵਿਰਸੇ ਸਬੰਧੀ ਚੇਤਨਾ ਦਿੱਤੀ ਜਾ ਸਕੇ।’ ਇਹ ਗੱਲ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਨੂੰ ਮਿਲਣ ਆਏ ਡੀਸੀ ਜਤਿੰਦਰ ਜੋਰਵਾਲ, ਸਿਖਲਾਈ ਅਧੀਨ ਆਈਏਐੱਸ ਅਧਿਕਾਰੀ ਕ੍ਰਿਤਿਕਾ ਗੋਇਲ ਤੇ ਐੱਸਡੀਐੱਮ (ਪੱਛਮੀ) ਪੂਨਮਦੀਪ ਕੌਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਜੇ ਲੁਧਿਆਣਾ ਤੋਂ ਹੀ ਸ਼ੁਰੂ ਕਰਨਾ ਹੋਵੇ ਤਾਂ ਜ਼ਿਲ੍ਹੇ ਤੋਂ ਇਨਕਲਾਬੀ ਸੂਰਮੇ ਭਾਈ ਰਣਧੀਰ ਸਿੰਘ ਦੇ ਜਨਮ ਸਥਾਨ ਨਾਰੰਗਵਾਲ, ਨਾਰੰਗਵਾਲ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਸਰਾਭਾ, ਸਰਾਭਾ ਤੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਵਿਸ਼ਵਾਸ ਪਾਤਰ ਤੇ ਰਾਏਕੋਟ ਰਿਆਸਤ ਦੇ ਨਵਾਬ ਰਾਏ ਕੱਲਾ, ਰਾਏਕੋਟ ਤੋਂ ਪ੍ਰਭੂ ਸੱਤਾ ਸੰਪੰਨ ਆਖਰੀ ਸਿੱਖ ਮਹਾਰਾਜਾ ਦੀ ਭਾਰਤ ਵਿੱਚ ਆਖਰੀ ਰਿਹਾਇਸ਼ਗਾਹ ਬੱਸੀਆਂ ਕੋਠੀ, ਬੱਸੀਆਂ ਕੋਠੀ ਤੋਂ ਸਿੱਖ ਇਤਿਹਾਸ ਦਾ ਕੰਕਰੀਟ ਆਧਾਰਿਤ ਮਿਊਜ਼ੀਅਮ ਗੁਰਦੁਆਰਾ ਮਹਿਦੇਆਣਾ ਸਾਹਿਬ, ਮਹਿਦੇਆਣਾ ਸਾਹਿਬ ਤੋਂ ਲਾਲਾ ਲਾਜਪਤ ਰਾਏ ਦਾ ਜੱਦੀ ਘਰ ਜਗਰਾਉਂ ਯਾਤਰਾ ਸਥਲ ਬਣਾਏ ਜਾ ਸਕਦੇ ਹਨ। ਪੰਜਾਬ ਟੂਰਿਜ਼ਮ ਦੀ ਬੱਸ ਜਾਂ ਪੰਜਾਬ ਰੋਡਵੇਜ਼ ਨੂੰ ਇਸ ਯਾਤਰਾ ਦੇ ਪ੍ਰਬੰਧ ਲਈ ਅਧਿਕਾਰਤ ਕੀਤਾ ਜਾ ਸਕਦਾ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੀਸੀ ਸ੍ਰੀ ਜੋਰਵਾਲ ਨੂੰ ਦੱਸਿਆ ਕਿ ਰਾਏਕੋਟ ਵਿੱਚ ਰਾਏ ਕੱਲਾ ਦੀ ਯਾਦ ਵਿੱਚ ਲਾਇਬ੍ਰੇਰੀ ਉਸਾਰਨ ਲਈ ਪੰਜਾਬ ਸਰਕਾਰ ਨੇ ਸਾਲ 2012 ਵਿੱਚ ਨਗਰਪਾਲਿਕਾ ਰਾਏਕੋਟ ਪਾਸੋਂ ਕੁਝ ਜ਼ਮੀਨ ਰਾਖਵੀਂ ਕਰਵਾਈ ਸੀ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਧਨ ਰਾਸ਼ੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਸੀ। ਇਸ ਗੱਲ ਨੂੰ ਮੁੜ ਸੁਰਜੀਤ ਕਰ ਕੇ ਪ੍ਰਸ਼ਾਸਨ ਪਹਿਲਕਦਮੀ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸੁਝਾਵਾਂ ਨੂੰ ਮੁੱਲਵਾਨ ਮੰਨਦਿਆਂ ਇਸ ਨੂੰ ਅਗਲੇਰੀ ਕਾਰਵਾਈ ਲਈ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਅਤੇ ਗੁਰਕਰਨ ਸਿੰਘ ਟੀਨਾ ਆਦਿ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਪ੍ਰੋ. ਗਿੱਲ ਨੇ ਡੀਸੀ ਸ੍ਰੀ ਜੋਰਵਾਲ ਤੇ ਸਿਖਲਾਈ ਅਧੀਨ ਆਈਏਐੱਸ ਅਧਿਕਾਰੀ ਕ੍ਰਿਤਿਕਾ ਗੋਇਲ ਨੂੰ ਸਨਮਾਨ ਚਿੰਨ੍ਹ ਤੇ ਪੁਸਤਕਾਂ ਦਾ ਸੈੱਟ ਭੇਟ ਕਰ ਕੇ ਸਨਮਾਨਿਤ ਕੀਤਾ।