ਪੁਸਤਕਾਂ ਨਾਲ ਨਾਤਾ ਜੋੜਨ ਦੀ ਲੋੜ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 2 ਫਰਵਰੀ
ਵਿਵੇਕ ਵਿਕਾਸ ਲਹਿਰ ਪੰਜਾਬ ਵਲੋਂ ਸਾਹਿਤਕ, ਗਿਆਨ, ਵਿਗਿਆਨ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਘਰ-ਘਰ ਪਹੁੰਚਾਉਣ ਦੀ ਮੁਹਿੰਮ ਆਰੰਭੀ ਗਈ ਹੈ ਜਿਸ ਤਹਿਤ ਪਿੰਡ ਬੇਗੋਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੂੰ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਇੰਜ. ਜਸਵੀਰ ਸਿੰਘ ਮੋਰੋਂ ਨੇ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਤੌਰ ’ਤੇ ਪਹੁੰਚੇ ਸਰਪੰਚ ਹਿਤੇਸ਼ ਮਾਹੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਸਨ। ਰੁਕਮਣੀ ਕੌਰ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਯਾਦ ਸ਼ਕਤੀ ਵਧਦੀ ਹੈ ਅਤੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਪੈਨਸ਼ਨਰ ਜਥੇਬੰਦੀ ਦੇ ਆਗੂ ਹਰੀਬਿਲਾਸ ਹੀਓਂ ਨੇ ਸਿੱਖਿਆ ਦੇ ਮਹਿੰਗੇ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਸਿੱਖਿਆ ਦੇ ਸਾਰਿਆਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਇਸ ਮੌਕੇ ਡਾ. ਲੇਖ ਰਾਜ ਮਾਹੀ, ਡਾ. ਦੀਪਕ ਕੁਮਾਰ ਏਡੀਓ ਔੜ, ਡਾ. ਮੋਨਿਕਾ, ਵਿਜੈ ਸੋਢੀਆਂ, ਚਮਨ ਲਾਲ ਪੰਚ, ਗਗਨ ਮਾਹੀ ਆਦਿ ਹਾਜ਼ਰ ਸਨ।