ਕਿਸਾਨੀ ਸੰਘਰਸ਼ ’ਚ ਔਰਤਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ’ਤੇ ਜ਼ੋਰ
ਗੁਰਬਖਸ਼ਪੁਰੀ
ਤਰਨ ਤਾਰਨ, 27 ਸਤੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਇਲਾਕੇ ਦੇ ਪਿੰਡ ਸ਼ੇਰੋਂ ਵਿੱਚ ਔਰਤਾਂ ਦੀ ਜ਼ਿਲ੍ਹਾ ਪੱਧਰੀ ‘ਲਲਕਾਰ ਰੈਲੀ’ ਕੀਤੀ। ਇਸ ਵਿੱਚ ਕਿਸਾਨੀ ਸੰਘਰਸ਼ ਨੂੰ ਅੱਗੇ ਤੋਰਨ ਲਈ ਔਰਤਾਂ ਨੂੰ ਜਾਗਰੂਕ ਹੋ ਕੇ ਮੋਹਰੀ ਭੂਮਿਕਾ ਅਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ| ਜਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਾਮਲ ਹੋਈਆਂ ਬੀਬੀਆਂ ਨੇ ਨਸ਼ਿਆਂ ਖਿਲਾਫ਼ ਵੀ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ| ਰੈਲੀ ਵਿੱਚ ਔਰਤਾਂ ਖਿਲਾਫ਼ ਹੋ ਰਹੇ ਅਤਿਆਚਾਰਾਂ, ਲਖੀਮਪੁਰ ਖੀਰੀ ਮਾਮਲੇ ਦੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਖਿਲਾਫ਼ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਰੈੱਡ ਐਂਟਰੀਆਂ ਕਰਨ ਖਿਲਾਫ਼ 3 ਅਕਤੂਬਰ ਨੂੰ ਪੰਜਾਬ ਭਰ ਵਿੱਚ 2 ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ| ਰੈਲੀ ਵਿੱਚ ਕਿਸਾਨ ਲਹਿਰ ਤੇ ਦੁਨੀਆਂ ਭਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ।
ਇਕੱਠ ਨੂੰ ਜਥੇਬੰਦੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੱਧਵਾਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਹਰਜਿੰਦਰ ਸਿੰਘ ਸ਼ਕਰੀ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਅਤੇ ਇਨ੍ਹਾਂ ਨੀਤੀਆਂ ਖਿਲਾਫ਼ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ| ਆਗੂਆਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਬੀਤੇ ਸੱਤ ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੀ ਕੇਂਦਰ ਸਰਕਾਰ ਵਲੋਂ ਸੁਣਵਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ| ਆਗੂਆਂ ਦੋਸ਼ ਲਗਾਇਆ ਕਿ ਬਾਸਮਤੀ ਦੀ ਘੱਟ ਕੀਮਤ ਦੇ ਕੇ ਕਿਸਾਨਾਂ ਨੂੰ ਮੰਡੀ ਵਿੱਚ ਲੁੱਟਿਆ ਜਾ ਰਿਹਾ ਹੈ|
16 ਬੀਬੀਆਂ ਅਹੁਦੇਦਾਰ ਐਲਾਨੀਆਂ
ਇਕੱਠ ਵਿੱਚ 16 ਬੀਬੀਆਂ ਨੂੰ ਜ਼ਿਲ੍ਹਾ ਅਹੁਦੇਦਾਰ ਐਲਾਨਿਆ ਗਿਆ। ਇਨ੍ਹਾਂ ਵਿੱਚ ਰਣਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਕੌਰ ਪਿੱਦੀ, ਗੁਰਮੀਤ ਕੌਰ ਸੂਰਵਿੰਡ ਅਤੇ ਰਣਜੀਤ ਕੌਰ ਜੰਡੋਕੇ ਨੂੰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਖੋਜਕੀਪੁਰ, ਜਸਬੀਰ ਕੌਰ ਦਬੁਰਜੀ, ਬਲਜੀਤ ਕੌਰ ਐਮੀਸ਼ਾਹ, ਕਸ਼ਮੀਰ ਕੌਰ ਸੁਰਸਿੰਘ, ਕੁਲਵੰਤ ਕੌਰ ਧਾਰੀਵਾਲ, ਰੰਜੂਪੁਰੀ ਖਵਾਸਪੁਰ, ਰਣਜੀਤ ਕੌਰ ਕੋਟ ਬੁੱਢਾ, ਕਸ਼ਮੀਰ ਕੌਰ ਛੀਨਾ, ਬਲਜਿੰਦਰ ਕੌਰ ਚੋਹਲਾ, ਰਾਜਵਿੰਦਰ ਕੌਰ ਸਰਹਾਲੀ ਕਲਾ, ਸੁਰਜੀਤ ਕੌਰ ਸੰਘਰ ਅਤੇ ਸਰਬਜੀਤ ਕੌਰ ਕੋਟ ਧਰਮਚੰਦ ਨੂੰ ਮੈਂਬਰ ਨਿਯੁਕਤ ਕੀਤਾ ਗਿਆ।