ਖੋਜ ਅਤੇ ਅਧਿਆਪਨ ਵਿੱਚ ਨਵੀਨਤਾ ਦੀ ਲੋੜ ’ਤੇ ਜ਼ੋਰ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 27 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ, ਖੋਜ ਅਤੇ ਅਧਿਆਪਨ ਵਿੱਚ ਨਵੀਨਤਾ (ਇਨੋਵੇਸ਼ਨ) ਦੀ ਲੋੜ’ ਵਿਸ਼ੇ ’ਤੇ ਕਰਵਾਇਆ ਗਿਆ।
ਇਸ ਯਾਦਗਾਰੀ ਭਾਸ਼ਣ ਵਿੱਚ ਪ੍ਰੋ. ਬਿਕਰਮਜੀਤ ਸਿੰਘ ਬਾਜਵਾ ਡੀਨ ਅਕਾਦਮਿਕ ਮਾਮਲੇ ਨੇ ਪ੍ਰਧਾਨਗੀ ਕੀਤੀ ਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਦੇ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਹਿੱਤ ਨਵੀਨਤਾ ਮੁੱਢਲੀ ਲੋੜ ਹੈ। ਮੁੱਖ ਵਕਤਾ ਡਾ. ਰਵੀ ਰਵਿੰਦਰ ਨੇ ਨਵੀਨਤਾ ਦੇ ਸੰਕਲਪ ਨੂੰ ਪਰਿਭਾਸ਼ਤ ਕੀਤਾ। ਉਨ੍ਹਾਂ ਨੇ ਮੌਲਿਕਤਾ, ਕਲਪਨਾ, ਪ੍ਰਤੀਬੱਧਤਾ, ਵਿਹਾਰਿਕਤਾ ਅਤੇ ਯੋਜਨਾ ਨੂੰ ਨਵੀਨਤਾ ਦੇ ਪ੍ਰਮੁੱਖ ਤੱਤ ਮੰਨਿਆ। ਉਨ੍ਹਾਂ ਅਨੁਸਾਰ ਭਾਸ਼ਾ, ਸਾਹਿਤ, ਸਭਿਆਚਾਰ, ਖੋਜ਼ ਅਤੇ ਅਧਿਆਪਨ ਦੇ ਖੇਤਰਾਂ ਵਿੱਚ ਨਵੀਨਤਾ ਲਈ ਜਾਗਰੂਕਤਾ, ਅੰਤਰ-ਸਬੰਧਤਾ ਅਤੇ ਸਮੁੱਚ ਦੀ ਪਹੁੰਚ ਜਰੂਰੀ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬਿਕਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦਾ ਭਾਸ਼ਣ ਵਿਸ਼ੇ ਪੱਖੋਂ ਨਵੀਨ, ਸਾਰਥਿਕ ਤੇ ਬਹੁਮੁੱਲਾ ਸੀ। ਇਸ ਰਾਹੀਂ ਵਿਦਿਆਰਥੀਆਂ ਅੰਦਰ ਨਵੀਂ ਚੇਤਨਤਾ ਪੈਦਾ ਹੋਵੇਗੀ। ਸਮਾਗਮ ਦੇ ਕੋਆਰਡੀਨੇਟਰ ਤੇ ਮੰਚ ਸੰਚਾਲਕ ਡਾ. ਬਲਜੀਤ ਕੌਰ ਰਿਆੜ ਨੇ ਬਲਬੀਰ ਕੌਰ ਬਰਾੜ ਬਾਰੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਦੂਰਅੰਦੇਸ਼ੀ ਤੇ ਯੋਗਦਾਨ ਸਦਕਾ ਵਿਚਾਰ-ਚਰਚਾ ਸੰਭਵ ਹੋ ਸਕੀ ਹੈ। ਅਸਿਸਟੈਂਟ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।