For the best experience, open
https://m.punjabitribuneonline.com
on your mobile browser.
Advertisement

ਏਆਈ ਤਕਨੀਕ ਨੂੰ ਸਮਝਣ ਦੀ ਲੋੜ ’ਤੇ ਜ਼ੋਰ

11:36 AM Apr 21, 2024 IST
ਏਆਈ ਤਕਨੀਕ ਨੂੰ ਸਮਝਣ ਦੀ ਲੋੜ ’ਤੇ ਜ਼ੋਰ
ਸੈਮੀਨਾਰ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 20 ਅਪਰੈਲ
ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਏ ਗਏ ਦੋ ਰੋਜ਼ਾ ਸੈਮੀਨਾਰ ਦੇ ਅੱਜ ਦੂਸਰੇ ਦਿਨ ਉੱਤਰ ਮਾਨਵਵਾਦ ਦੇ ਵੱਖ ਵੱਖ ਪਹਿਲੂਆਂ ’ਤੇ ਚਰਚਾ ਹੋਈ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਸਕਤੱਰ ਡਾ. ਰਵੇਲ ਸਿੰਘ ਅਤੇ ਵਿਸ਼ਾ ਮਾਹਿਰ ਅਮਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਕਰਵਾਏ ਸੈਸ਼ਨ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇਸ਼ ਸੰਦਰਭ ਵਿਚ ਡਾ. ਤਜਿੰਦਰ ਸਿੰਘ ਨੇ ਸੰਵਾਦ ਦਾ ਆਗਾਜ਼ ਕਰਦਿਆਂ ਕਿਹਾ ਕਿ ਪਦਾਰਥ ਵਿਚ ਚੇਤਨਾ ਦਾ ਸੰਕਲਪ 1920 ਵਿੱਚ ਸਾਹਮਣੇ ਆ ਚੁੱਕਿਆ ਸੀ, ਪਰ ਹੁਣ ਤਕ ਨਹੀਂ ਪੜ੍ਹਾਇਆ ਗਿਆ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਮਸ਼ੀਨੀ ਬੁੱਧੀਮਤਾ ਭਵਿੱਖ ਵਿਚ ਬਹੁਤ ਕੁਝ ਨਵਾਂ ਸਿਰਜੇਗੀ ਪਰ ਉਹ ਮਨੁੱਖ ਦੀ ਮੌਲਿਕ ਸਿਰਜਣਾ ਅਤੇ ਬੌਧਿਕਤਾ ਦਾ ਬਦਲ ਨਹੀਂ ਬਣ ਸਕੇਗੀ। ਡਾ. ਸਰਬਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮਨੁੱਖ ਨੂੰ ਕਿਸੇ ਵੀ ਦੌਰ ਵਿਚ ਸੱਭਿਅਤਾ ਦੇ ਕੇਂਦਰ ਵਿੱਚੋਂ ਖਾਰਜ ਨਹੀਂ ਕੀਤਾ ਜਾ ਸਕਦਾ ਹੈ।
ਡਾ. ਅਮਰਜੀਤ ਸਿੰਘ ਨੇ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿਸਮਾਦ ਦੇ ਫ਼ਲਸਫ਼ੇ ’ਤੇ ਚਰਚਾ ਕੀਤੀ। ਡਾ. ਗੁਰਮੀਤ ਸਿੰਘ ਨੇ ਬਾਬਰਵਾਣੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਕੀਤੀ। ਡਾ. ਅਰਵਿੰਦਰ ਕੌਰ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀ ਤਕਨੀਕ ਨੂੰ ਧਮਕੀ ਜਾਂ ਡਰ ਦੇ ਨਜ਼ਰੀਏ ਤੋਂ ਨਹੀਂ ਬਲਕਿ ਨਵੇਂ ਵਿਸਥਾਰ ਦੇ ਨਜ਼ਰੀਏ ਤੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਵਨੀਤਾ ਨੇ ਕਿਹਾ ਕਿ ਮਨੁੱਖਤਾ ਅਤੇ ਮਾਨਵਵਾਦ ਦਾ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ। ਸੈਮੀਨਾਰ ਦਾ ਆਖ਼ਰੀ ਸੈਸ਼ਨ ‘ਉੱਤਰ-ਮਾਨਵਵਾਦ ਅਤੇ ਵਾਤਾਵਰਨ: ਸੰਦਰਭ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਪ੍ਰਧਾਨਗੀ ਇਟਰਨੈਸ਼ਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਵਾਈਸ ਚਾਂਸਲਰ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਨੇ ਕੀਤੀ। ਇਸ ਮੌਕੇ ਡਾ. ਰਾਜੇਸ਼ ਕੁਮਾਰ ਜੈਸਵਾਲ ਅਤੇ ਡਾ. ਜਸਵਿੰਦਰ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਰਚਾ ਪੜ੍ਹਿਆ। ਅੰਤ ਵਿੱਚ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਵੱਲੋਂ ਸੈਮੀਨਾਰ ਆਧਾਰਿਤ ਪੁਸਤਕ ਛੇਤੀ ਹੀ ਪ੍ਰਕਾਸ਼ਿਤ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×