ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਣ ’ਤੇ ਜ਼ੋਰ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਸਤੰਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਦਾ ਵਿਸ਼ਾ ਚੌਥੀ ਜਮਾਤ ਤੋਂ ਲਾਗੂ ਕੀਤਾ ਜਾਂਦਾ ਹੈ ਤੇ ਸਿਟੀ ਬਿਊਟੀਫੁਲ ਵਿੱਚ ਪੰਜਾਬੀ ਨੂੰ ਓਨੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਪੰਜਾਬ ਦੀ ਰਾਜਧਾਨੀ ਹੋਣ ਕਰ ਕੇ ਮਿਲਣੀ ਚਾਹੀਦੀ ਹੈ।
ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਚੰਡੀਗੜ੍ਹ ਯੂਟੀ ਪੰਜਾਬ ਦੀ ਸਾਂਝੀ ਰਾਜਧਾਨੀ ਹੈ ਤਾਂ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਪੰਜਾਬੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵੇਲੇ ਵੀ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕੀਤਾ ਜਾਂਦਾ ਹੈ। ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਜਦੋਂ ਵੀ ਕੋਈ ਅਸਾਮੀ ਨਿਕਲਦੀ ਹੈ ਤਾਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਦਸਵੀਂ ਜਮਾਤ ਵਿੱਚ ਹਿੰਦੀ ਪਾਸ ਹੋਣਾ ਜ਼ਰੂਰੀ ਕੀਤਾ ਜਾਂਦਾ ਹੈ ਜਦੋਂਕਿ ਦਸਵੀਂ ਜਮਾਤ ਪੰਜਾਬੀ ਅਤੇ ਹਿੰਦੀ ਦੋਵੇਂ ਵਿਸ਼ੇ ਵੀ ਪਾਸ ਹੋਣੇ ਜ਼ਰੂਰੀ ਚਾਹੀਦੇ ਹਨ। ਸ੍ਰੀ ਕੰਬੋਜ ਨੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਚੋਣ ਵਿਭਾਗ ਵੱਲੋਂ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਦੀ ਡਿਊਟੀ ਤੁਰੰਤ ਰੱਦ ਕਾਰਵਾਈ ਜਾਵੇ ਕਿਉਂਕਿ ਸਰਕਾਰੀ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਸਾਰੇ ਕੈਡਰ ਦੇ ਅਧਿਆਪਕਾਂ ਨੂੰ ਜਲਦੀ ਤਰੱਕੀ ਦਿੱਤੀ ਜਾਵੇ, ਕਿਉਂਕਿ ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਅਜੇ ਤੱਕ ਉਨ੍ਹਾਂ ਨੂੰ ਇੱਕ ਵੀ ਤਰੱਕੀ ਨਹੀਂ ਮਿਲੀ ਹੈ। ਸ੍ਰੀ ਕੰਬੋਜ ਨੇ ਸਕੂਲਾਂ ਵਿਚ ਅਧਿਆਪਕਾਂ ਲਈ ਲਿਫਟਾਂ ਲਗਵਾਉਣ ਦੀ ਮੰਗ ਕੀਤੀ ਹੈ। ਸੋਹਣ ਲਾਲ, ਭੁਪਿੰਦਰ ਕੌਰ ਬਰਾੜ, ਨੇ ਅਧਿਆਪਕਾਂ ਦੀ ਮੰਗਾਂ ਜਲਦੀ ਹੱਲ ਕਰਨ ਦੀ ਮੰਗ ਕੀਤੀ।
ਦਹਾਕਿਆਂ ਤੋਂ ਇਕ ਸਕੂਲ ’ਚ ਟਿਕੇ ਅਧਿਆਪਕਾਂ ਦਾ ਤਬਾਦਲਾ ਮੰਗਿਆ
ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਨਵੀਂ ਡੈਪੂਟੇਸ਼ਨ ਨੀਤੀ ਜਲਦੀ ਲਾਗੂ ਕੀਤੀ ਜਾਵੇ। ਜ਼ਿਆਦਾਤਰ ਸਰਕਾਰੀ ਸਕੂਲਾਂ ਵਿਚ ਕਈ ਅਧਿਆਪਕ ਇੱਕ ਹੀ ਸਕੂਲ ਵਿਚ ਦਹਾਕਿਆਂ ਤੋਂ ਟਿਕੇ ਹੋਏ ਹਨ, ਇਸ ਕਰ ਕੇ ਦਸ ਸਾਲ ਪੂਰੇ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਤਬਾਦਲਾ ਨੀਤੀ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਲੰਮਾ ਸਮਾਂ ਰਹਿਣ ’ਤੇ ਧੜੇਬੰਦੀ ਪੈਦਾ ਹੋ ਜਾਂਦੀ ਹੈ।
ਦਾਖਲਿਆਂ ਵਿੱਚ ਦੇਰੀ ਕਾਰਨ ਸਰਕਾਰੀ ਸਕੂਲਾਂ ’ਚ 996 ਸੀਟਾਂ ਰਹਿਣਗੀਆਂ ਖਾਲੀ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਇਸ ਸਾਲ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਪ੍ਰਕਿਰਿਆ ਵਿਚ ਦੇਰੀ ਕਰਨ ਨਾਲ 996 ਸੀਟਾਂ ਖਾਲੀ ਰਹਿ ਗਈਆਂ ਹਨ। ਸਿੱਖਿਆ ਵਿਭਾਗ ਨੇ ਤੀਜੀ ਕਾਊਂਸਲਿੰਗ ਦਾ ਅਮਲ 17 ਸਤੰਬਰ ਤਕ ਮੁਕੰਮਲ ਕਰ ਲਿਆ ਹੈ। ਇਸ ਕਾਊਂਸਲਿੰਗ ਵਿਚ 1583 ਸੀਟਾਂ ਲਈ 587 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਨੂੰ ਦਾਖਲੇ ਮਿਲ ਗਏ ਹਨ ਪਰ 996 ਸੀਟਾਂ ਖਾਲੀ ਰਹਿ ਗਈਆਂ ਹਨ। ਇਸ ਸਾਲ ਤੋਂ ਸਿੱਖਿਆ ਵਿਭਾਗ ਨੇ ਯੂਟੀ ਦੇ ਸਰਕਾਰੀ ਸਕੂਲਾਂ ਵਿਚੋਂ ਦਸਵੀਂ ਜਮਾਤ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਾਖਲੇ ਦੇ ਦਿੱਤੇ ਹਨ ਕਿਉਂਕਿ ਇਨ੍ਹਾਂ ਲਈ 85 ਫੀਸਦੀ ਸੀਟਾਂ ਰਾਖਵੀਆਂ ਸਨ ਪਰ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਦਸਵੀਂ ਕਰਨ ਵਾਲੇ ਕਈ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਦਾਖਲਾ ਨਾ ਲੈ ਸਕੇ। ਇਸ ਵਾਰ ਸਰਕਾਰੀ ਸਕੂਲਾਂ ਵਿਚੋਂ 45 ਫੀਸਦੀ ਅੰਕ ਹਾਸਲ ਕਰ ਕੇ ਦਸਵੀਂ ਕਰਨ ਵਾਲਿਆਂ ਨੂੰ ਦਾਖਲਾ ਮਿਲ ਗਿਆ ਪਰ ਨਿੱਜੀ ਸਕੂਲਾਂ ਦੇ 75 ਫੀਸਦੀ ਅੰਕ ਹਾਸਲ ਕਰਨ ਵਾਲੇ ਵੀ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਤੋਂ ਵਾਂਝੇ ਰਹੇ।