ਮਹਾਪੰਚਾਇਤ ਵਿੱਚ ਫਿਰਕੂ ਭਾਈਚਾਰਾ ਮਜ਼ਬੂਤ ਕਰਨ ’ਤੇ ਜ਼ੋਰ
ਹਿਸਾਰ/ਚੰਡੀਗੜ੍ਹ, 10 ਅਗਸਤ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚਲੇ ਪਿੰਡ ਬਾਸ ਵਿੱਚ ਬੀਤੇ ਦਿਨ ਮਹਾਪੰਚਾਇਤ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਧਰਮਾਂ, ਕਿਸਾਨ ਜਥੇਬੰਦੀਆਂ ਤੇ ਖਾਪਾਂ ਦੇ ਲੋਕਾਂ ਨੇ ਭਾਈਚਾਰਿਆਂ ਵਿਚਾਲੇ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਕਹੀ। ਨੂਹ ’ਚ ਫਿਰੂ ਹਿੰਸਾ ਤੋਂ ਕੁਝ ਦਿਨ ਬਾਅਦ ਇਹ ਪਹਿਲ ਕੀਤੀ ਗਈ ਹੈ। ਦੂਜੇ ਪਾਸੇ ਨੂਹ ਤੋਂ ਕਾਂਗਰਸ ਵਿਧਾਇਕ ਆਫਤਾਬ ਅਹਿਮਦ ਨੇ ਮੰਗ ਕੀਤੀ ਕਿ ਉਨ੍ਹਾਂ ਪੰਚਾਇਤਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਆਪਣੇ ਪਿੰਡਾਂ ’ਚ ਮੁਸਲਿਮ ਕਾਰੋਬਾਰੀਆਂ ਦਾ ਦਾਖਲਾ ਬੰਦ ਕੀਤਾ ਹੈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਕਰਵਾਈ ਗਈ ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਮੀਟਿੰਗ ’ਚ ਪੇਸ਼ ਕੀਤੇ ਗਏ ਮਤੇ ’ਚ ਕਿਹਾ ਗਿਆ ਕਿ ਹਿੰਦੂ, ਮੁਸਲਿਮ ਤੇ ਸਿੱਖਾਂ ਸਮੇਤ ਵੱਖ ਵੱਖ ਧਰਮਾਂ ਦੇ ਲੋਕ ਮੇਵਾਤ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰਨਗੇ। ਮਤੇ ਅਨੁਸਾਰ, ‘ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਸਮਾਜ ’ਚ ਦੰਗੇ ਭੜਕਾਉਣ ਲਈ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਤੇ ਵੀਡੀਓ ਪੋਸਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।’ ਮਹਾਪੰਚਾਇਤ ਦੇ ਪ੍ਰਬੰਧਕਾਂ ’ਚ ਸ਼ਾਮਲ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸੁਰੇਸ਼ ਕੋਥ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਦੀ ਵਰਤੋਂ ਲੋਕਾਂ ਨੂੰ ਜਾਤੀ ਤੇ ਧਰਮ ਦੇ ਆਧਾਰ ’ਤੇ ਵੰਡਣ ਲਈ ਨਹੀਂ ਕਰਨ ਦਿੱਤੀ ਜਾਵੇਗੀ।
ਦੂਜੇ ਪਾਸੇ ਨੂਹ ਤੋਂ ਕਾਂਗਰਸ ਵਿਧਾਇਕ ਆਫਤਾਬ ਅਹਿਮਦ ਨੇ ਮੰਗ ਕੀਤੀ ਕਿ ਪਿੰਡਾਂ ’ਚ ਮੁਸਲਿਮ ਕਾਰੋਬਾਰੀਆਂ ਦੇ ਆਉਣ ’ਤੇ ਰੋਕ ਲਾਉਣ ਵਾਲੀਆਂ ਪੰਚਾਇਤਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅਜਿਹੀ ਰਿਪੋਰਟਾਂ ਸਨ ਕਿ ਮਹੇਂਦਰਗੜ੍ਹ, ਰੇਵਾੜੀ ਤੇ ਝੱਜਰ ਜ਼ਿਲ੍ਹਿਆਂ ਦੀਆਂ ਕੁਝ ਪੰਚਾਇਤਾਂ ਦੇ ਮੁਖੀਆਂ ਨੇ ਕਥਿਤ ਤੌਰ ’ਤੇ ਇਸ ਸਬੰਧੀ ਪੱਤਰ ਜਾਰੀ ਕੀਤੇ ਸਨ। ਅਹਿਮਦ ਨੇ ਕਿਹਾ, ‘ਇਹ ਪੂਰੀ ਤਰ੍ਹਾਂ ਗ਼ੈਰਸੰਵਿਧਾਨਕ ਹੈ। ਜੇਕਰ ਕਿਸੇ ਪੰਚਾਇਤ ਨੇ ਅਜਿਹਾ ਕੰਮ ਕੀਤਾ ਜਾਂ ਕੋਈ ਮਤਾ ਪਾਸ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਪੱਤਰਾਂ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਰਿਹਾ ਹੈ।’ -ਪੀਟੀਆਈ