For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਤੇ ਲੰਡਨ ਦਰਮਿਆਨ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ

06:12 AM Feb 02, 2025 IST
ਅੰਮ੍ਰਿਤਸਰ ਤੇ ਲੰਡਨ ਦਰਮਿਆਨ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਸਮਾਗਮ ਦੌਰਾਨ ਅਭਿਲਾਸ਼ਾ ਮਲਿਕ ਤੇ ਹੇਮਿਨ ਭਰੂਚਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਫਰਵਰੀ
ਅੰਮ੍ਰਿਤਸਰ ਦੇ ਉਦਯੋਗਪਤੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਦੇ ਮੰਤਵ ਨਾਲ ਜਥੇਬੰਦੀ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਨੇ ਅੰਮ੍ਰਿਤਸਰ ਵਿੱਚ ਲੰਡਨ ਐਂਡ ਪਾਰਟਨਰਜ਼ ਇੰਟਰਨੈਸ਼ਨਲ ਦੇ ਸਹਿਯੋਗ ਨਾਲ ‘ਸਰਹੱਦਾਂ ਤੋਂ ਪਰੇ ਵਪਾਰ’ ਵਿਸ਼ੇ ’ਤੇ ਸਮਾਗਮ ਕਰਵਾਇਆ। ਪੀਐਚਡੀਸੀਸੀਆਈ ਅੰਮ੍ਰਿਤਸਰ ਜ਼ੋਨ ਦੇ ਸੰਚਾਲਨ ਕਮੇਟੀ ਮੈਂਬਰ ਅਤੇ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਡੈਲੀਗੇਟਾਂ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਅੰਮ੍ਰਿਤਸਰ ਤੇ ਲੰਡਨ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਇਤਿਹਾਸਕ ਸਬੰਧਾਂ ’ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਮਜ਼ਬੂਤ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ’ਤੇ ਚਾਨਣਾ ਪਾਇਆ।
ਲੰਡਨ ਐਂਡ ਪਾਰਟਨਰਜ਼ ਦੀ ਉੱਤਰੀ ਭਾਰਤ ਉਪ ਪ੍ਰਧਾਨ ਅਭਿਲਾਸ਼ਾ ਮਲਿਕ ਨੇ ਜਥੇਬੰਦੀ ਦੇ ਮਾਧਿਅਮ ਰਾਹੀਂ ਉਪਲਬਧ ਸੇਵਾਵਾਂ ਬਾਰੇ ਉਦਯੋਗਪਤੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਲੰਡਨ ਦੇ ਕੁਝ ਮੁੱਖ ਵਿਕਾਸ ਖੇਤਰਾਂ ਨੂੰ ਉਜਾਗਰ ਕੀਤਾ ਅਤੇ ਭਾਰਤੀ ਕਾਰੋਬਾਰਾਂ ਲਈ ਇਸ ਸੰਪੰਨ ਬਾਜ਼ਾਰ ਵਿੱਚ ਦਾਖ਼ਲ ਹੋਣ ਦੀ ਅਥਾਹ ਸੰਭਾਵਨਾ ਨੂੰ ਦਰਸਾਇਆ। ਲੰਡਨ ਦੇ ਮੇਅਰ ਦੇ ਪ੍ਰਤੀਨਿਧੀ ਤੇ ਜਥੇਬੰਦੀ ਦੇ ਭਾਰਤ ਤੇ ਮੱਧ ਪੂਰਬ ਦੇ ਖੇਤਰੀ ਨਿਰਦੇਸ਼ਕ ਹੇਮਿਨ ਭਰੂਚਾ ਨੇ ਲੰਡਨ ਤੇ ਭਾਰਤ ਦਰਮਿਆਨ ਕਾਰੋਬਾਰ ਅਤੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਵਪਾਰ ਗਤੀਸ਼ੀਲਤਾ ਕਿਵੇਂ ਵਿਕਸਤ ਹੋਈ ਹੈ ਅਤੇ ਭਵਿੱਖ ਦੇ ਵਾਧੇ ਲਈ ਅਨੁਮਾਨ ਸਾਂਝੇ ਕੀਤੇ। ਭਰੂਚਾ ਨੇ ਆਉਣ ਵਾਲੇ ਲੰਡਨ ਟੈਕ ਵੀਕ ਬਾਰੇ ਵੀ ਚਰਚਾ ਕੀਤੀ। ਪੀ ਐੱਚ ਡੀ ਸੀ ਸੀਆਈ ਦੇ ਸਹਾਇਕ ਸਕੱਤਰ ਸੁਮਿਤ ਕੁਮਾਰ ਨੇ ਸਕੱਤਰੇਤ ਦੀ ਨੁਮਾਇੰਦਗੀ ਕਰਦੇ ਹੋਏ ਓਪਨ ਹਾਊਸ ਵਿਚਾਰ-ਵਟਾਂਦਰੇ ਦਾ ਸੰਚਾਲਨ ਕੀਤਾ। ਇਸ ਮੌਕੇ ਸੈਸ਼ਨ ਦੀ ਸਮਾਪਤੀ ’ਤੇ ਨਿਪੁੰਨ ਅਗਰਵਾਲ ਵੱਲੋਂ ਰਸਮੀ ਧੰਨਵਾਦ ਕੀਤਾ ਗਿਆ। ਇਸ ਮੌਕੇ ਪੀਐਲ ਸੇਠ, ਰਾਜੀਵ ਖੰਨਾ, ਸਮੀਰ ਜੈਨ, ਕੰਵਲਜੀਤ ਜੌਲੀ ਅਤੇ ਸੀ.ਏ. ਵਿਭੋਰ ਗੁਪਤਾ ਮੌਜੂਦ ਸਨ।

Advertisement

Advertisement
Advertisement
Author Image

Advertisement