For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੌਰਾਨ ਫ਼ਿਰਕੂ ਸਿਆਸਤ ਕਰਨ ਵਾਲੀਆਂ ਪਾਰਟੀਆਂ ਤੋਂ ਕਿਨਾਰਾ ਕਰਨ ’ਤੇ ਜ਼ੋਰ

07:46 AM Apr 25, 2024 IST
ਚੋਣਾਂ ਦੌਰਾਨ ਫ਼ਿਰਕੂ ਸਿਆਸਤ ਕਰਨ ਵਾਲੀਆਂ ਪਾਰਟੀਆਂ ਤੋਂ ਕਿਨਾਰਾ ਕਰਨ ’ਤੇ ਜ਼ੋਰ
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਗੂ ਤੇ ਕਾਰਕੁਨ।
Advertisement

ਪਰਸ਼ੋਤਮ ਬੱਲੀ
ਬਰਨਾਲਾ, 24 ਅਪਰੈਲ
ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿੱਚ ਸੰਸਦੀ ਚੋਣਾਂ ਦੇ ਮੱਦੇਨਜ਼ਰ ਦਿਨ-ਰਾਤ ਦੀ ਸੂਬਾਈ ਵਿਚਾਰ-ਚਰਚਾ ਸੂਬਾ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ਹੇਠ ਕਰਵਾਈ ਗਈ। ਸਭ ਤੋਂ ਪਹਿਲਾਂ ਇਨਕਲਾਬੀ ਲਹਿਰ ਦੇ ਸ਼ਹੀਦਾਂ ਅਤੇ ਇਨਕਲਾਬੀ ਕਾਫ਼ਲੇ ਨੂੰ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੂਬਾ ਪ੍ਰਧਾਨ ਨਰਾਇਣ ਦੱਤ ਨੇ ਪੰਜਾਬ ਭਰ ’ਚੋਂ ਪੁੱਜੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਅੱਗੇ ਚਰਚਾ ਦਾ ਏਜੰਡਾ ਰੱਖਿਆ। ਪਾਰਟੀ ਦੇ ਬਲਾਰੇ ਮੈਗਜ਼ੀਨ ‘ਲਾਲ ਪਰਚਮ’ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਮੌਜੂਦਾ ਚੋਣਾਂ ਦੇ ਵਿਚਾਰਧਾਰਕ ਪੱਖ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਚੋਣਾਂ ਹਾਕਮ ਜਮਾਤਾਂ ਵੱਲੋਂ ਆਪਣੇ ਮੱਤਭੇਦਾਂ ਨੂੰ ਹੱਲ ਕਰਨ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਪਾਸੇ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ ਦਾ ਢੰਗ ਹਨ। ਲੋਕਾਂ ਦੀ ਮੁਕਤੀ ਇਨ੍ਹਾਂ ਚੋਣਾਂ ਰਾਹੀਂ ਨਹੀਂ ਬਲਕਿ ਲੋਕ ਇਨਕਲਾਬ ਰਾਹੀਂ ਇਹ ਮੌਜੂਦਾ ਰਾਜ ਪ੍ਰਬੰਧ ਅਤੇ ਗ਼ੈਰ-ਬਰਾਬਰੀ ਵਾਲਾ ਸਮਾਜ ਮੁੱਢੋਂ-ਸੁੱਢੋਂ ਤਬਦੀਲ ਕਰ ਕੇ ਸਹੀ ਅਰਥਾਂ ਵਿੱਚ ਨਵਾਂ ਨਰੋਆ ਜਮਹੂਰੀ ਰਾਜ ਪ੍ਰਬੰਧ ਸਥਾਪਿਤ ਕਰ ਕੇ ਹੀ ਹੋਣੀ ਹੈ। ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਮੱਖਣ ਕਾਲਸਾਂ ਨੇ ਪਾਰਲੀਮੈਂਟ ਪ੍ਰਬੰਧ ਦੇ ਸਿਆਸੀ ਪੱਖ ਬਾਰੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਮੋਦੀ ਹਕੂਮਤ ਫਿਰ ਫਾਸ਼ੀਵਾਦ ਦੇ ਰਸਤੇ ਪੈ ਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਕੇ ਫਾਸ਼ੀਵਾਦੀ ਰਾਜ ਸਥਾਪਤੀ ਦੇ ਰਾਹ ਪਈ ਹੋਈ ਹੈ।
ਇਸੇ ਤਰ੍ਹਾਂ ਡਾ. ਮੋਹਣ ਸਿੰਘ ਨੇ ਇਨ੍ਹਾਂ ਚੋਣਾਂ ਦੌਰਾਨ ਬੁਨਿਆਦੀ ਅਤੇ ਦਾਅਪੇਚਕ ਕਾਰਜਾਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਪ੍ਰਬੰਧ ਦੇ ਕਾਇਮ ਰਹਿੰਦਿਆਂ ਕਿਰਤੀ ਲੋਕਾਈ ਨੂੰ ਮੰਗਾਂ ਤੇ ਮਸਲਿਆਂ ਲਈ ਸੰਘਰਸ਼ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਸਾਮਰਾਜ ਦੀ ਪਰਿਭਾਸ਼ਾ, ਕੌਮ/ਕੌਮੀਅਤ, ਸਾਮਰਾਜੀ ਮੁਲਕਾਂ ਅਤੇ ਪਛੜੇ ਮੁਲਕਾਂ ਦੇ ਅੰਤਰ, ਕੌਮਾਂਤਰੀ ਪੱਧਰ ਤੇ ਤਾਨਾਸ਼ਾਹ ਹਕੂਮਤਾਂ ਅਤੇ ਖ਼ਾਸ ਕਰ ਸਾਡੇ ਮੁਲਕ ਅੰਦਰ ਭਾਜਪਾ ਹਕੂਮਤ ਦੇ ਫ਼ਿਰਕੂ ਫਾਸ਼ੀ ਹੱਲੇ, ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਸਾਂਝ ਆਦਿ ਸਬੰਧੀ ਉੱਠੇ ਸਵਾਲਾਂ ਦੇ ਜਵਾਬ ਸੰਪਾਦਕ ਮੁਖਤਿਆਰ ਪੂਹਲਾ ਨੇ ਦਿੱਤੇ। ਉਪਰੰਤ ਪ੍ਰਧਾਨ ਨਰਾਇਣ ਦੱਤ ਨੇ ਸਮਾਜ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਇਨਕਲਾਬ ਦੀ ਤਿਆਰੀ ਵੱਲ ਸੇਧਤ ਹੋਣ ਦੀ ਯੋਜਨਾ ਰੱਖੀ। ਇਸ ਵਿਚਾਰ ਚਰਚਾ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਔਰਤਾਂ ਦੇ ਚੇਤੰਨ ਹਿੱਸੇ ਨੇ ਭਾਗ ਲਿਆ।
ਸੂਬਾ ਕਮੇਟੀ ਮੈਂਬਰ ਸਾਥੀ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਇਸ ਵਿਚਾਰ ਚਰਚਾ ਵਿੱਚ ਸਰਗਰਮੀ ਨਾਲ ਭਾਗ ਲੈਣ ਤੇ ਸਫ਼ਲ ਬਣਾਉਣ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ। ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Advertisement

Advertisement
Author Image

sukhwinder singh

View all posts

Advertisement
Advertisement
×