ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਤੇ ਜ਼ੋਰ
ਭੋਗਪੁਰ, 10 ਜੁਲਾਈ
ਸਾਬਕਾ ਸੈਨਿਕਾਂ ਦੀ ਜਥੇਬੰਦੀ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਭੋਗਪੁਰ ਦੀ ਮੀਟਿੰਗ ਬੀਡੀਪੀਓ ਬਲਾਕ ਭੋਗਪੁਰ ਦੇ ਸਾਹਮਣੇ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਛੇ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਕਿਹਾ ਗਿਆ ਕਿ ਸਾਬਕਾ ਸੈਨਿਕਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਛੇਤੀ ਹੀ ਦੇਸ਼ ਦੇ ਰੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ। ਦੂਸਰੇ ਮਤੇ ਵਿੱਚ ਕਿਹਾ ਗਿਆ ਕਿ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਸਰਕਾਰ ਆਂਗਣਵਾੜੀ ਸੈਂਟਰਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਗ੍ਰਾਂਟਾਂ ਦੇਵੇ। ਤੀਸਰੇ ਮਤੇ ਵਿੱਚ ਆਮ ਲੋਕਾਂ ਦੀ ਬੁਢਾਪਾ ਪੈਨਸ਼ਨ ਦੀ ਉਮਰ ਹੱਦ ਆਦਮੀ ਦੀ 65 ਸਾਲ ਤੋਂ ਘਟਾ ਕੇ 58 ਸਾਲ ਅਤੇ ਇਸਤਰੀ ਦੀ 58 ਸਾਲ ਤੋਂ ਘਟਾ ਕੇ 55 ਸਾਲ ਕੀਤੀ ਜਾਵੇ ਅਤੇ ਪੈਨਸ਼ਨ ਲਗਵਾਉਣ ਦੀ ਆਮਦਨ ਦੀ ਹੱਦ ਵਧਾਈ ਜਾਵੇ। ਸਰਕਾਰ ਨਸ਼ਿਆਂ ਅਤੇ ਭਿ੍ਸ਼ਟਾਚਾਰ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ। ਨਿਕਾਸੀ ਤੇ ਬਰਸਾਤੀ ਪਾਣੀ ਦੀ ਸਮੱਸਿਆ ਅਤੇ ਆਵਾਜਾਈ ਦੀ ਸਮੱਸਿਆ ਹੱਲ ਕਰਨ ਸਰਕਾਰ ਵਿਸ਼ੇਸ਼ ਧਿਆਨ ਦੇਵੇ।