ਕਿਸਾਨ ਮੇਲੇ ਵਿੱਚ ਕੁਦਰਤੀ ਸੋਮਿਆਂ ਨੂੰ ਬਚਾਉਣ ’ਤੇ ਜ਼ੋਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿੱਚ ਕਿਸਾਨ ਮੇਲਾ ਲਗਾਇਆ ਗਿਆ। ਕਿਸਾਨ ਮੇਲੇ ਵਿਚ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਡਿਪਟੀ ਕਮਿਸ਼ਨਰ, ਮੈਂਬਰ ਪ੍ਰਬੰਧਕੀ ਬੋਰਡ ਪੀਏਯੂ ਡਾ. ਦਵਿੰਦਰ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਵੀ ਹਾਜ਼ਰ ਸਨ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਵਾਤਾਵਰਣ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੁਦਰਤੀ ਸੋਮੇਂ ਅੱਜ ਸੰਕਟ ਨਾਲ ਜੂਝ ਰਹੇ ਹਨ, ਜਿਨ੍ਹਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਅਤੇ ਖੇਤੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾਉਣ ਦੀ ਥਾਂ ਖੇਤਾਂ ’ਚ ਹੀ ਵਾਹੁਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਵੀ ਪਲੀਤ ਤੋਂ ਬਚਿਆ ਰਹਿੰਦਾ ਹੈ। ਜਲ ਸੋਮਿਆਂ ਦੀ ਬਚਤ ਲਈ ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਥਾਂ ਨਹਿਰੀ ਪਾਣੀ ਦੀ ਵਰਤੋਂ ਕਰਨ, ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਤੁਪਕਾ ਸਿੰਜਾਈ ਵਰਗੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਕਣਕ ਦੀ ਵੱਧ ਝਾੜ ਦੇਣ ਵਾਲੀ ਕਿਸਮ ਪੀਬੀਡਬਲਿਊ 826 ਨੇ ਜੰਮੂ ਤੋਂ ਲੈ ਕੇ ਕੋਲਕਾਤਾ ਤੱਕ ਪੂਰੀ ਧਾਂਕ ਜਮਾਈ। ਇਸ ਮੌਕੇ ਡੀਸੀ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਝੋਨੇ ਦੀ ਸਾਭ-ਸੰਭਾਲ ਲਈ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਤਕਨੀਕਾਂ ਅਤੇ ਖੇਤ ਮਸ਼ੀਨਰੀ ਅਪਣਾਉਣੀ ਚਾਹੀਦੀ ਹੈ। ਉੱਘੇ ਸਬਜ਼ੀ ਵਿਗਿਆਨੀ ਡਾ. ਦਵਿੰਦਰ ਸਿੰਘ ਚੀਮਾ ਨੇ ਕਿਸਾਨਾਂ ਨੂੰ ਕਣਕ, ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਨੇ ਕਿਸਾਨ ਮੇਲਿਆਂ ਨੂੰ ਗਿਆਨ ਵਿਗਿਆਨ ਦੇ ਮੇਲੇ ਦੱਸਦਿਆਂ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 950 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਰਾਸ਼ਟਰੀ ਪੱਧਰ ’ਤੇ ਪਛਾਣ ਕਾਇਮ ਕੀਤੀ ਹੈ। ਇਸ ਮੌਕੇ ਅਗਾਂਹਵੱਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਜਾਣਕਾਰੀ ਅਨੁਸਾਰ ਮੇਲੇ ਵਿੱਚ ਲੱਗੇ ਪ੍ਰਦਰਸ਼ਨੀਆਂ ਤੇ ਸਟਾਲਾਂ ਤੋਂ ਕਿਸਾਨਾਂ ਨੇ ਔਜ਼ਾਰ ਤੇ ਬੀਜਾਂ ਦੀ ਖਰੀਦ ਕੀਤੀ।