ਘੋੜਿਆਂ ਨਾਲ ਸਬੰਧਤ ਖੇਡਾਂ ਨੂੰ ਉਤਸ਼ਾਹਤ ਕਰਨ ’ਤੇ ਜ਼ੋਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪੰਜਾਬ ਦੇ ਘੋੜਾ ਪਾਲਕਾਂ ਦੀ ਇਕ ਮੀਟਿੰਗ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਧੀਨ ਕਰਵਾਈ ਗਈ। ਇਸ ਦਾ ਉਦੇਸ਼ ਘੋੜਿਆਂ ਦੀਆਂ ਨਸਲਾਂ ਨੂੰ ਬਿਹਤਰ ਕਰਨਾ ਅਤੇ ਘੋੜਿਆਂ ਨਾਲ ਸਬੰਧਿਤ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਿੱਚ ਪੂਰੇ ਸੂਬੇ ਵਿੱਚੋਂ 40 ਦੇ ਕਰੀਬ ਘੋੜਾ ਪਾਲਕਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਗਿੱਲ ਨੇ ਕਿਹਾ ਕਿ ਵਿਗਿਆਨਕ ਢੰਗ ਨਾਲ ਘੋੜੇ ਪਾਲ ਕੇ ਉਨ੍ਹਾਂ ਦੇ ਪ੍ਰਦਰਸ਼ਨੀ ਪੱਧਰ ਨੂੰ ਬਿਹਤਰ ਕੀਤਾ ਸਕਦਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਡੇਅਰੀ ਖੇਤਰ ਵਾਂਗ ਹੀ ਇਸ ਖੇਤਰ ਵਿੱਚ ਵੀ ਸੂਬੇ ਨੂੰ ਮੋਹਰੀ ਬਣਾਉਣਾ ਪਵੇਗਾ। ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਬਿਹਤਰ ਨਸਲ ਲਈ ਘੋੜਿਆਂ ਦੇ ਸਿਹਤ ਪ੍ਰਬੰਧਨ ਬਾਰੇ ਗੱਲ ਕੀਤੀ। ਡਾ. ਅਰੁਣ ਆਨੰਦ ਨੇ ਯੂਨੀਵਰਸਿਟੀ ਵੱਲੋਂ ਘੋੜਿਆਂ ਦੇ ਇਲਾਜ ਹਿਤ ਸਹੂਲਤਾਂ ਬਾਰੇ ਚਾਨਣਾ ਪਾਇਆ।