ਪੇਂਡੂ ਮਜ਼ਦੂਰਾਂ ਦੇ ਮਸਲਿਆਂ ਤੇ ਮੰਗਾਂ ਵੱਲ ਧਿਆਨ ਦੇਣ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਨਵੰਬਰ
ਪੇਂਡੂ ਮਜ਼ਦੂਰ ਯੂਨੀਅਨ ਦੀ ਨੇੜਲੇ ਪਿੰਡ ਡਾਂਗੀਆਂ ਵਿੱਚ ਅੱਜ ਹੋਈ ਇਕੱਤਰਤਾ ਵਿੱਚ ਮਜ਼ਦੂਰਾਂ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਹੋਈ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਇਸ ਮੌਕੇ ਕਿਹਾ ਕਿ ਪਿੰਡਾਂ ਦੇ ਮਜ਼ਦੂਰਾਂ ਨੂੰ ਵੱਡੀਆਂ ਸਮੱਸਿਆਵਾਂ ਦਰਪੇਸ਼ ਹਨ। ਇਨ੍ਹਾਂ ’ਚ ਪੱਕਾ ਰੁਜ਼ਗਾਰ, ਕਰਜ਼ੇ ਦਾ ਜੰਜਾਲ, ਰਿਹਾਇਸ਼ੀ ਪਲਾਟ, ਬੱਚਿਆਂ ਲਈ ਸਿੱਖਿਆ, ਸਿਹਤ ਸਹੂਲਤਾਂ, ਆਰਥਿਕ ਪੱਖੋਂ ਵਿਤਕਰੇਬਾਜ਼ੀ ਅਤੇ ਸਮਾਜਿਕ ਤੌਰ ’ਤੇ ਨਾਬਰਾਬਰੀ ਪ੍ਰਮੁੱਖ ਮਸਲੇ ਹਨ। ਉਨ੍ਹਾਂ ਕਿਹਾ ਕਿ ਇਸ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਇਨ੍ਹਾਂ ਦੇ ਬੁਨਿਆਦੀ ਮੰਗਾਂ ਮਸਲੇ ਹੱਲ ਕਰਨੇ ਚਾਹੀਦੇ ਹਨ ਪਰ ਸਰਕਾਰ ਇਸ ਪਾਸੇ ਧਿਆਨ ਦੇਣ ਦੀ ਬਜਾਏ ਅਮੀਰਾਂ ਨੂੰ ਹੋਰ ਅਮੀਰ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ’ਚ ਨੀਤੀਆਂ ਲਿਆ ਰਹੀ ਹੈ। ਮੀਟਿੰਗ ਦੌਰਾਨ ਮੰਗ ਕੀਤੀ ਗਈ ਹੈ ਕਿ ਰਾਖਵੀਆਂ ਜ਼ਮੀਨਾਂ ਦਾ ਪ੍ਰਬੰਧ ਪੱਕੇ ਤੌਰ ਵਾਜਿਬ ਠੇਕੇ ’ਤੇ ਦਲਿਤ ਭਾਈਚਾਰੇ ਦੇ ਬੇਜ਼ਮੀਨੇ ਲੋਕਾਂ ਨੂੰ ਦਿੱਤਾ ਜਾਵੇ। ਪਤੀ-ਪਤਨੀ ਨੂੰ ਇਕਾਈ ਮੰਨ ਕੇ ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇ ਕੇ ਮਕਾਨ ਪਾਉਣ ਲਈ ਗਰਾਂਟਾਂ ਦਿੱਤੀਆਂ ਜਾਣ।