ਪੰਜਾਬ ਦੀਆਂ ਜੇਲ੍ਹਾਂ ਨੂੰ ਹੋਰ ਸੁਰੱਖਿਅਤ ਬਣਾਉਣ ’ਤੇ ਜ਼ੋਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਜੇਲਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਮਨਸੂਈ ਬੌਧਿਕਤਾ (ਏਆਈ) ਆਧਾਰਿਤ ਅਤੇ ਅਤਿ-ਆਧੁਨਿਕ ਤਕਨਾਲੋਜੀ ਅਪਣਾਉਣ ’ਤੇ ਜ਼ੋਰ ਦਿੱਤਾ। ਅੱਜ ਕੈਬਨਿਟ ਮੰਤਰੀ ਨੇ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੂਬੇ ਦੀਆਂ ਸਮੂਹ ਜੇਲ੍ਹਾਂ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਲਾਲਜੀਤ ਭੁੱਲਰ ਨੇ ਕਿਹਾ ਕਿ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਅਪਰਾਧ-ਮੁਕਤ ਕਰਨ ਅਤੇ ਮੋਬਾਈਲ ਆਦਿ ਉਪਕਰਨਾਂ ਦੀ ਮੁਕੰਮਲ ਰੋਕਥਾਮ ਲਈ ਨਵੀਨਤਮ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲ੍ਹਾਂ ਵਿੱਚ ਐਡਵਾਂਸਡ ਸਰਵੀਲੈਂਸ ਉਪਕਰਨ ਲਗਾਏ ਜਾਣ। ਇਸ ਦੌਰਾਨ ਉਨ੍ਹਾਂ ਜੇਲ੍ਹ ਢਾਂਚੇ ਵਿੱਚ ਸੁਧਾਰ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ, ਮੌਜੂਦਾ ਚੁਣੌਤੀਆਂ ਦੇ ਹੱਲ ਲਈ ਰਣਨੀਤੀਆਂ, ਬੁਨਿਆਦੀ ਢਾਂਚਾ, ਸਿਹਤ ਸੰਭਾਲ ਸਹੂਲਤਾਂ ਵਿੱਚ ਸੁਧਾਰ, ਅੰਤਰ-ਵਿਭਾਗੀ ਸੰਚਾਰ ਸੁਧਾਰ ਅਤੇ ਮੁੜ-ਵਸੇਬਾ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਕੈਬਨਿਟ ਮੰਤਰੀ ਨੇ ਕੈਦੀਆਂ ਲਈ ਮੁੜ-ਵਸੇਬੇ ਦੇ ਉਦੇਸ਼ ਨਾਲ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਕਿੱਤਾਮੁਖੀ ਸਿਖਲਾਈ ਦੇ ਉਪਰਾਲਿਆਂ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਜੇਲ੍ਹ ਸੁਪਰਡੈਂਟਾਂ ਨੇ ਆਪੋ-ਆਪਣੀਆਂ ਜੇਲ੍ਹਾਂ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕੈਦੀਆਂ ਤੇ ਹਵਾਲਾਤੀਆਂ ਦੀ ਵੱਧ ਗਿਣਤੀ, ਸਟਾਫ਼ ਅਤੇ ਸਰੋਤਾਂ ਦੀ ਕਮੀ ਆਦਿ ਤੋਂ ਜਾਣੂ ਕਰਵਾਇਆ। ਕੈਬਨਿਟ ਮੰਤਰੀ ਨੇ ਦਿੱਤਾ ਕਿ ਸਰਕਾਰ ਜੇਲ੍ਹ ਪ੍ਰਬੰਧਨ ’ਚ ਸੁਧਾਰ ਲਈ ਕੰਮ ਕਰਨ ਸਮੇਤ ਇਨ੍ਹਾਂ ਮਸਲਿਆਂ ਦੇ ਹੱਲ ਲਈ ਤੁਰੰਤ ਕਾਰਵਾਈ ਕਰੇਗੀ। ਜੇਲ੍ਹ ਮੰਤਰੀ ਨੇ ਜੇਲ੍ਹਾਂ ਵਿੱਚ ਸੁਧਾਰ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਸੁਪਰਡੈਂਟਾਂ ਅਤੇ ਵਿਭਾਗ ਦੇ ਯਤਨਾਂ ’ਤੇ ਤਸੱਲੀ ਵੀ ਪ੍ਰਗਟਾਈ।